
ਕਿਸਾਨਾਂ ਦੇ ਖਾਤੇ ਵਿੱਚ ਕੀਤੀ ਗਈ 103.15 ਕਰੋੜ ਰੁਪਏ ਦੀ ਅਦਾਇਗੀ, ਸੁਚਾਰੂ ਢੰਗ ਨਾਲ ਖ਼ਰੀਦ ਪ੍ਰਕਿਰਿਆ ਨੇਪਰੇ ਚੜ੍ਹਾਉਣ ਲਈ ਕੀਤੇ ਪੁਖ਼ਤਾ ਪ੍ਰਬੰਧ- ਐਸ.ਡੀ.ਐਮ. ਨੂੰ ਸਮੁੱਚੀ ਖਰੀਦ ਪ੍ਰਕਿਰਿਆ ’ਤੇ ਨਿਰੰਤਰ ਨਜ਼ਰਸਾਨੀ ਕਰਨ ਦੇ ਨਿਰਦੇਸ਼

(TTT)ਹੁਸ਼ਿਆਰਪੁਰ, 23 ਅਪ੍ਰੈਲ:ਜ਼ਿਲ੍ਹੇ ਵਿੱਚ ਖ਼ਰੀਦ ਪ੍ਰਕਿਰਿਆ ਨਿਰਵਿਘਨ ਚੱਲ ਰਹੀ ਹੈ, ਮੰਡੀਆਂ ਵਿੱਚ 65259 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ,ਜਿਸ ਵਿੱਚੋਂ 63354 ਮੀਟਰਕ ਟਨ, ਭਾਵ 97 ਫੀਸਦ, ਸਬੰਧਤ ਏਜੰਸੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਖ਼ਰੀਦ ਕੇਂਦਰਾਂ ’ਤੇ ਸਾਰੇ ਭਾਈਵਾਲਾਂ ਦੀ ਸਹੂਲਤ ਲਈ ਲੋੜੀਂਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਉਪ- ਮੰਡਲ ਮੈਜਿਸਟਰੇਟਾਂ ਨੂੰ ਖ਼ਰੀਦ ਪ੍ਰਕਿਰਿਆ ’ਤੇ ਲਗਾਤਾਰ ਨਜ਼ਰ ਰੱਖਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਲੋੜ ਪੈਣ ’ਤੇ ਤੁਰੰਤ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਏਜੰਸੀਆਂ ਕੋਲ ਪਹਿਲਾਂ ਹੀ ਕਾਫ਼ੀ ਗਿਣਤੀ ਵਿੱਚ ਬਾਰਦਾਨਾ ਅਤੇ ਤਰਪਾਲਾਂ ਉਪਲਬਧ ਹਨ ਤਾਂ ਜੋ ਕਿਸੇ ਵੀ ਕੀਮਤ ’ਤੇ ਲਿਫਟਿੰਗ ਦੇ ਕੰਮ ਕੋਈ ਅੜਿੱਕਾ ਨਾ ਪਵੇ, ਅਤੇ ਨਾਲ ਹੀ ਨਿਰਧਾਰਤ ਸਮੇਂ ਦੇ ਅੰਦਰ ਫਸਲ ਦੀ ਲਿਫਟਿੰਗ ਵੀ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਸਬੰਧਤ ਏਜੰਸੀਆਂ ਨੇ ਮੰਡੀਆਂ ਤੋਂ 13822 ਮੀਟਰਕ ਟਨ ਫਸਲ ਦੀ ਲਿਫਟਿੰਗ ਕੀਤੀ ਹੈ ,ਜੋ ਕਿ 72 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦਾ ਲਗਭਗ 124 ਫੀਸਦ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਹ ਵੀ ਦੱਸਿਆ ਕਿ ਖਰੀਦ ਦੇ ਅਗਲੇ 48 ਘੰਟਿਆਂ ਦਰਮਿਆਨ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ 103.15 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 103.15 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ ਅਤੇ ਐਫ.ਸੀ.ਆਈ. ਨਾਮਕ ਏਜੰਸੀਆਂ ਜ਼ਿਲ੍ਹੇ ਦੀਆਂ 65 ਮੰਡੀਆਂ ਅਤੇ ਦੋ ਅਸਥਾਈ ਯਾਰਡਾਂ ’ਤੇ ਵੀ ਕਿਸਾਨਾਂ ਦੀ ਫਸਲ ਦੀ ਖਰੀਦ ਕਰ ਰਹੀਆਂ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਖ਼ਰੀਦ ਦੀ ਮੌਜੂਦਾ ਗਤੀ ਦਾ ਜਾਇਜ਼ਾ ਲੈਣ ਲਈ ਮੰਡੀਆਂ ਦਾ ਨਿਯਮਤ ਦੌਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸਿਰਫ਼ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਫਸਲ ਦੀ ਨਵੀਂ ਆਮਦ ਲਈ ਜਗਹ ਬਣਾਉਣ ਲਈ ਲਿਫਟਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ।

