
ਭਵਾਨੀਗੜ੍ਹ (ਕਾਂਸਲ)- ਇਲਾਕੇ ਅੰਦਰ ਤੂਫਾਨ ਕਾਰਨ ਬਿਜਲੀ ਸਪਲਾਈ ਵਾਲੇ ਖੰਭੇ ਟੁੱਟਣ ਕਾਰਨ ਗੁੱਲ ਹੋਈ ਬਿਜਲੀ ਸਪਲਾਈ ਨੂੰ ਮੁੜ ਚਾਲੂ ਕਰਨ ਲਈ ਪਿੰਡ ਬਖੋਪੀਰ ਵਿਖੇ ਗਰਿੱਡ ‘ਚੋਂ ਟਰੈਕਟਰ ’ਤੇ ਨਵੇਂ ਖੰਭੇ ਲੋਡ ਕਰਨ ਸਮੇਂ ਹੋਏ ਹਾਦਸੇ ਵਿਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਇਕ ਬਿਜਲੀ ਕਰਮਚਾਰੀ ਜਗਮੇਲ ਸਿੰਘ ਪਿੰਡ ਆਲੋਅਰਖ਼ ਦਾ ਗਿੱਟਾ ਟੁੱਟ ਗਿਆ।

ਸਥਾਨਕ ਬਿਜਲੀ ਬੋਰਡ ਦੇ ਜੇ.ਈ. ਸੰਦੀਪ ਸਿੰਘ ਥੰਮਣ ਸਿੰਘ ਵਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਤੇਜ਼ ਤੂਫਾਨ ਕਾਰਨ ਸਥਾਨਕ ਇਲਾਕੇ ਵਿਚ 25 ਦੇ ਕਰੀਬ ਬਿਜਲੀ ਸਪਲਾਈ ਵਾਲੇ ਟਰਾਂਸਫਾਰਮਰ ਤੇ 250 ਦੇ ਕਰੀਬ ਖੰਬੇ ਟੁੱਟ ਜਾਣ ਕਾਰਨ ਪੂਰੇ ਇਲਾਕੇ ਅੰਦਰ ਬਿਜਲੀ ਸਪਲਾਈ ਪੂਰੀ ਤਰ੍ਹਾਂ ਗੁੱਲ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਐਕਸੀਅਨ ਸੰਗਰੂਰ ਸੁਖਵੰਤ ਸਿੰਘ ਤੇ ਐੱਸ.ਡੀ.ਓ. ਭਵਾਨੀਗੜ੍ਹ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਨ੍ਹਾਂ ਦੀ ਅਗਵਾਈ ਵਾਲੀ ਪਾਵਰਕਾਮ ਦੇ ਕਰਮਚਾਰੀਆਂ ਦੀ ਟੀਮ ਵੱਲੋਂ ਦਿਨ ਰਾਤ ਲਗਾਤਾਰ ਮਿਹਨਤ ਕਰਕੇ ਬਿਜਲੀ ਦੇ ਨਵੇਂ ਖੰਬੇ ਤੇ ਟਰਾਂਸਫਾਰਮਰ ਲਗਾ ਕੇ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿਚ ਬਿਜਲੀ ਸਪਲਾਈ ਨੂੰ ਚਾਲੂ ਕੀਤਾ ਗਿਆ ਹੈ।

