ਪੰਜਾਬ ’ਚ ਹੀਟ ਵੇਵ ਦਾ ਅਲਰਟ ਜਾਰੀ, 45 ਡਿਗਰੀ ਤਾਪਮਾਨ ਨੇ ਘਰਾਂ ’ਚ ਡੱਕੇ ਲੋਕ
(TTT) ਪਟਿਆਲਾ: ਸੂਬੇ ਅੰਦਰ ਨਿਤ ਦਿਨ ਵਧਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ, ਜਿਸ ਨੂੰ ਦੇਖਦਿਆਂ ਮੌਸਮ ਵਿਭਾਗ ਵਲੋਂ ਚਿਤਾਵਨੀ ਦਿੱਤੀ ਗਈ ਹੈ ਤੇ ਸੂਬੇ ਅੰਦਰ ਹੀਟ ਵੇਵ (ਲੂ) ਦਾ ਅਲਰਟ ਜਾਰੀ ਹੈ, ਜਿਸ ਨੂੰ ਦੇਖਦਿਆਂ ਕਈ ਜ਼ਿਲਿਆਂ ਦੇ ਲੋਕ ਇਸ ਦੀ ਲਪੇਟ ’ਚ ਹਨ। ਨਿਤ ਦਿਨ ਵੱਧਦੀ ਗਰਮੀ ਤੇ ਸੂਰਜ ਦੇਵਤਾ ਵਲੋਂ ਵਰ੍ਹਾਈ ਜਾ ਰਹੀ ਅੱਗ ਨਾਲ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਐਤਵਾਰ ਨੂੰ ਸਵੇਰ ਤੋਂ ਹੀ ਚੱਲੀਆਂ ਤੇਜ਼ ਗਰਮ ਹਵਾਵਾਂ ਨੇ ਸੜਕਾਂ ’ਤੇ ਆਉਣ=ਜਾਣ ਵਾਲਿਆਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।
ਗਰਮੀ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਕਈ ਥਾਵਾਂ ’ਤੇ ਕੰਸਟ੍ਰਕਸ਼ਨ ਦੇ ਕੰਮ ਨੂੰ ਠੇਕੇਦਾਰਾਂ ਵਲੋਂ ਬੰਦ ਕੀਤਾ ਗਿਆ ਹੈ ਤਾਂ ਜੋ ਮਨੁੱਖੀ ਜਨਜੀਵਨ ਨੂੰ ਬਚਾਇਆ ਜਾ ਸਕੇ, ਉਥੇ ਹੀ ਚੱਲ ਰਹੀਆਂ ਗਰਮ ਹਵਾਵਾਂ ਦੀ ਵਧਦੀ ਲੂ ਕਾਰਨ ਪਸ਼ੂ-ਪੰਛੀਆਂ ’ਤੇ ਇਸ ਦਾ ਗਹਿਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੱਧ ਰਹੀ ਗਰਮੀ ਨੂੰ ਦੇਖਦਿਆਂ ਪੰਛੀਆਂ ਤੇ ਪਸ਼ੂਆਂ ਨੂੰ ਬਚਾਉਣ ਲਈ ਪਸ਼ੂ ਪ੍ਰੇਮੀਆਂ ਵਲੋਂ ਥਾਂ-ਥਾਂ ’ਤੇ ਵੱਖ-ਵੱਖ ਵਸਤਾਂ ’ਚ ਠੰਡਾ ਪਾਣੀ ਪਾ ਕੇ ਰੱਖਿਆ ਜਾ ਰਿਹਾ ਤਾਂ ਜੋ ਇਨ੍ਹਾਂ ਬੇਜ਼ੁਬਾਨਾਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਮੌਸਮ ਵਿਭਾਗ ਅਨੁਸਾਰ ਹੀਟ ਵੇਵ ਤਾਪਮਾਨ ’ਚ ਹੋਰ ਵਾਧਾ ਕਰੇਗੀ ਕਿਉਂਕਿ ਅਗਲੇ 2 ਦਿਨਾਂ ਤੱਕ ਇਸੇ ਤਰ੍ਹਾਂ ਦਾ ਮੌਸਮ ਬਣੇ ਰਹਿਣ ਦੀਆਂ ਸੰਭਾਵਨਾ ਜਤਾਈ ਜਾ ਰਹੀ ਹੈ।