ਸਿਹਤ ਵਿਭਾਗ ਵਲੋਂ ਰਿਆਤ ਬਾਹਰਾ ਮੈਨਜਮੈਂਟ ਕਾਲਜ ਹੁਸ਼ਿਆਰਪੁਰ ਵਿਖੇ “ਪਾਣੀ ਠਹਿਰੇਗਾ ਜਿੱਥੇ, ਮੱਛਰ ਪੈਦਾ ਹੋਏਗਾ ਉੱਥੇ” ਵਿਸ਼ੇ ਤੇ ਡੇਂਗੂ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਹੁਸ਼ਿਆਰਪੁਰ 28 ਅਗਸਤ 2024 (TTT) ਸਿਹਤ ਵਿਭਾਗ ਵਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਿਆਤ ਬਾਹਰਾ ਕਾਲਜ ਆਫ ਮੈਨੇਜਮੈਂਟ ਦੇ ਪੈਰਾਮੈਡੀਕਲ ਸਾਇੰਸਜ਼ ਵਿਭਾਗ ਵਿਖੇ ਪ੍ਰਿੰਸੀਪਲ ਡਾ ਹਰਿੰਦਰ ਕੌਰ ਗਿੱਲ ਦੀ ਯੋਗ ਅਗਵਾਈ ਹੇਠ “ਪਾਣੀ ਠਹਿਰੇਗਾ ਜਿੱਥੇ, ਮੱਛਰ ਪੈਦਾ ਹੋਏਗਾ ਉੱਥੇ” ਦਾ ਸੁਨੇਹਾ ਦਿੰਦੇ ਹੋਏ ਡੇਂਗੂ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਜਿਲਾ ਐਪੀਡੀਮੋਲੋਜਿਸਟ ਡਾ ਜਗਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਅਮਨਦੀਪ ਸਿੰਘ,ਰਿਆਤ ਬਾਹਰਾ ਕਾਲਜ ਤੋਂ ਡਾ. ਸੁਖਮੀਤ ਕੌਰ ਬੇਦੀ, ਅਸਿਸਟੈਂਟ ਪ੍ਰੋਫੈਸਰ ਮਿਸ ਪੂਜਾ, ਮਿਸ ਅਦਿਤੀ ਅਤੇ ਮਿ.ਸਾਕਿਬ ਸ਼ਾਮਿਲ ਹੋਏ।ਇਸ ਸੈਮੀਨਾਰ ਵਿੱਚ ਡਾ ਜਗਦੀਪ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਡੇਂਗੂ ਮੱਛਰ ਪੈਦਾ ਹੋਣ ਦੇ ਕਾਰਣਾਂ ਅਤੇ ਬਚਾਓ ਬਾਰੇ ਪੀਪੀਟੀ ਰਾਹੀਂ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਡੇਂਗੂ ਤੋਂ ਬਚਣ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਡੇਂਗੂ ਹੋਣ ਤੇ ਤੇਜ਼ ਬੁਖਾਰ ਮਾਸਪੇਸ਼ੀਆਂ ਅਤੇ ਜੋੜਾਂ ਅਤੇ ਹੱਡੀਆਂ ਵਿਚ ਦਰਦ ਅੱਖਾਂ ਦੇ ਪਿੱਛੇ ਖਿੱਚ ਅਤੇ ਦਰਦ ਅਤੇ ਉਲਟੀਆਂ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਅਜਿਹੀ ਸੂਰਤ ਵਿਚ ਜਲਦੀ ਤੋਂ ਜਲਦੀ ਨਜ਼ਦੀਕੀ ਹਸਪਤਾਲ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਡੇਂਗੂ ਦੇ ਸਾਰੇ ਟੈਸਟ ਅਤੇ ਇਲਾਜ਼ ਫ੍ਰੀ ਕੀਤਾ ਜਾਂਦਾ ਹੈ। ਇਹ ਬਿਮਾਰੀ ਪੈਦਾ ਹੀ ਨਾ ਹੋਵੇ ਇਸ ਲਈ ਇਸ ਦੇ ਸਰੋਤ ਨੂੰ ਖ਼ਤਮ ਕੀਤਾ ਜਾਣਾ ਜਰੂਰੀ ਹੈ ਤੇ ਇਹ ਸਰੋਤ ਹੈ ਮੱਛਰ। ਇਹ ਮੱਛਰ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ, ਤੇ ਕਿਸੇ ਛੋਟੇ ਤੋਂ ਛੋਟੇ ਖੜੇ ਪਾਣੀ ਦੇ ਸਰੋਤ ਵਿਚ ਆਪਣੇ ਅੰਡੇ ਦੇ ਦਿੰਦਾ ਹੈ। ਇਸ ਲਈ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਵੱਜੋਂ ਮਨਾਇਆ ਜਾਂਦਾ ਹੈ। ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਕੂਲਰ, ਗਮਲੇ, ਛੱਤਾਂ ਤੇ ਪਿਆ ਸਮਾਨ, ਫਰਿਜ ਦੀ ਟਰੇਅ, ਜਾਨਵਰਾਂ ਤੇ ਪੰਛੀਆਂ ਦੇ ਪਾਣੀ ਦੇ ਬਰਤਨ ਆਦਿ ਵਿੱਚ ਜਮ੍ਹਾ ਪਾਣੀ ਵਿਚ ਪੈਦਾ ਹੁੰਦਾ ਹੈ ਤੇ ਇਕ ਹਫ਼ਤੇ ਦੇ ਵਿਚ ਉਹ ਪੂਰਾ ਅਡਲਟ ਮੱਛਰ ਬਣ ਜਾਂਦਾ ਹੈ। ਇਸ ਲਈ ਹਰ ਸ਼ੁੱਕਰਵਾਰ ਘਰ ਵਿਚ ਪਾਣੀ ਵਾਲੇ ਉਪਰੋਕਤ ਸਰੋਤਾਂ ਨੂੰ ਪੂਰੀ ਤਰ੍ਹਾਂ ਡਰਾਈ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਡਾ.ਜਗਦੀਪ ਸਿੰਘ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਮੱਛਰ ਸਵੇਰੇ ਅਤੇ ਸ਼ਾਮ ਨੂੰ ਜਿਆਦਾ ਸਰਗਰਮ ਹੁੰਦਾ ਹੈ। ਮੱਛਰ ਦੇ ਕਟੱਣ ਤੋਂ ਬਚਾਅ ਲਈ ਦਿਨ ਵਿੱਚ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣ, ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨ ਮੱਛਰਦਾਨੀ ਦੀ ਵਰਤੋਂ ਕਰਨ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਨਾਲ ਅਤੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਨਾਲ ਡੇਂਗੂ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਸੈਮੀਨਾਰਾਂ ਦਾ ਆਯੋਜਨ ਕਰਨ ਦਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਇਹ ਜਾਣਕਾਰੀ ਆਪਣੇ ਤੱਕ ਹੀ ਸੀਮਿਤ ਨਾ ਰੱਖ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ ਤੇ ਇਸ ਨੂੰ ਸਿਰਫ ਜਾਣਕਾਰੀ ਤਕ ਹੀ ਨਾ ਰੱਖ ਕੇ ਅਮਲੀ ਜਾਮਾ ਪਹਿਨਾਇਆ ਜਾਵੇ ਤੇ ਆਪਣੇ ਘਰਾਂ ਵਿਚ ਇੱਕ ਵਾਰ ਜਰੂਰ ਸਾਰੇ ਪਾਣੀ ਵਾਲੇ ਸਰੋਤਾਂ ਨੂੰ ਚੈੱਕ ਕੀਤਾ ਜਾਵੇ ਤਾਂ ਜੋ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। ਡਾ ਸੁਖਮੀਤ ਕੌਰ ਬੇਦੀ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਵੱਲੋਂ ਇਹ ਸਮੁੱਚੀ ਜਾਣਕਾਰੀ ਮੁਹਿਮ ਵਾਂਗ ਅੱਗੇ ਫੈਲਾਉਣ ਦਾ ਭਰੋਸਾ ਦੁਆਇਆ।