
ਹੁਸ਼ਿਆਰਪੁਰ 25 ਮਾਰਚ 2025(TTT) ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ ਦੀ ਅਗਵਾਈ ਹੇਠ 24 ਤੋਂ 29 ਮਾਰਚ ਤੱਕ ਟੀਕਾਕਰਨ ਦਾ ਵਿਸ਼ੇਸ਼ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸਦੀ ਸ਼ੁਰੂਆਤ ਅੱਜ ਜਿਲਾ ਭਰ ਵਿੱਚ ਪਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਕੇ ਕੀਤੀ ਗਈ। ਡਾ: ਸੀਮਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਉਨ੍ਹਾਂ ਬੱਚਿਆਂ ਨੂੰ ਕਵਰ ਕਰਨਾ ਹੈ, ਜਿਨ੍ਹਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਹੈ। ਪੰਜ ਸਾਲ ਦੇ ਸਾਰੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਨਾਲ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਿਟਾਮਿਨ ਏ ਦੀ ਖੁਰਾਕ ਦੇਣ, ਜੋ ਕਿ ਡੇਢ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਲਈ ਛੇ ਮਹੀਨਿਆਂ ਦੇ ਵਕਫੇ ‘ਤੇ ਪਿਲਾਉਣਾ ਜ਼ਰੂਰੀ ਹੈ। ਇਹ ਅੱਖਾਂ ਨੂੰ ਅੰਧਰਾਤੇ ਦੀ ਬਿਮਾਰੀ ਤੋਂ ਬਚਾਉਣ ਵਿਚ ਮਦਦ ਕਰਦਾ ਹੈ।