
ਦੰਦਾਂ ਸਾਡੇ ਸ਼ਰੀਰ ਦਾ ਜਰੂਰੀ ਅੰਗ ਹਨ, ਇਹਨਾ ਦੀ ਦੇਖਭਾਲ ਅਤਿ ਜਰੂਰੀ :ਡੀ ਡੀ ਐਚ ਓ ਡਾ ਮੋਨਿੰਦਰ ਕੌਰ

(TTT)ਹੁਸ਼ਿਆਰਪੁਰ 22 ਅਪ੍ਰੈਲ 2025 ,ਸਿਵਲ ਸਰਜਨ ਦਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਡੈਂਟਲ ਹੈਲਥ ਅਫਸਰ ਡਾ ਮੋਨਿੰਦਰ ਕੌਰ ਦੀ ਅਗਵਾਈ ਹੇਠ ਸੀਨੀਅਰ ਸਕੈਂਡਰੀ ਸਕੂਲ ਰੇਲਵੇ ਮੰਡੀ ਦੇ ਪ੍ਰਿੰਸੀਪਲ ਸ੍ਰੀ ਰਾਜਨ ਅਰੋੜਾ ਦੇ ਸਹਿਯੋਗ ਨਾਲ ਵਿਸ਼ਵ ਓਰਲ ਹੈਲਥ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐਮਓ ਡੈਂਟਲ ਡਾ. ਬਲਜੀਤ ਅਤੇ ਡਾ. ਲਕਸ਼ਮੀਕਾਂਤ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਸਕੂਲ ਟੀਚਰ ਰਵਿੰਦਰ ਕੁਮਾਰ, ਸੀਮਾ ਸ਼ਰਮਾ, ਸਰੋਜ ਕੁਮਾਰੀ, ਰਵਿੰਦਰ ਕੌਰ ਅਤੇ ਤਰਨਪ੍ਰੀਤ ਕੌਰ ਹਾਜ਼ਰ ਸਨ।
ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਾ ਮੋਨਿੰਦਰ ਕੌਰ ਨੇ ਕਿਹਾ ਕਿ ਦੰਦਾਂ ਦੀ ਸਫਾਈ ਦਾ ਧਿਆਨ ਨਾ ਰੱਖਣਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਸੱਦਾ ਦੇ ਸਕਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮੂੰਹ ਦੀ ਸਫਾਈ ਦਾ ਧਿਆਨ ਨਾ ਰੱਖਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਨਹੀਂ ਜਾਣਦੇ ਜਾਂ ਘੱਟ ਜਾਣਕਾਰੀ ਰੱਖਦੇ ਹਨ, ਜਦਕਿ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਬਾਰੇ ਜਾਣੂ ਹੋਣ ਦੇ ਬਾਵਜੂਦ ਲਾਪਰਵਾਹੀ ਵਰਤਦੇ ਹਨ। ਇਹ ਦਿਵਸ ਲੋਕਾਂ ਨੂੰ ਮੂੰਹ ਦੀ ਸਫਾਈ ਪ੍ਰਤੀ ਜਾਗਰੂਕ ਕਰਨ ਅਤੇ ਮੂੰਹ ਦੀ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ ਮੂੰਹ ਦੀ ਸਿਹਤ ਦੀ ਮਹੱਤਤਾ, ਸਰੀਰਕ ਅਤੇ ਮਾਨਸਿਕ ਸਿਹਤ ਲਈ ਇਸ ਦੀ ਜ਼ਰੂਰਤ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ‘ਇੱਕ ਖੁਸ਼ ਮੂੰਹ, ਇੱਕ ਖੁਸ਼ਹਾਲ ਸਰੀਰ’ ਵਿਸ਼ੇ ‘ਤੇ ਮਨਾਇਆ ਜਾ ਰਿਹਾ ਹੈ।
ਐਮਓ ਡੈਂਟਲ ਡਾ ਬਲਜੀਤ ਕਟਾਰੀਆ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਦੇਖਭਾਲ ਹੀ ਚੰਗੀ ਸਿਹਤ ਦਾ ਆਧਾਰ ਬਣਦੀ ਹੈ। ਇਸ ਲਈ ਸਾਨੂੰ ਆਪਣੇ ਮੂੰਹ ਅਤੇ ਦੰਦਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਦਿਨ ਵਿਚ ਦੋ ਵਾਰੀ ਦੰਦਾਂ ਦੀ ਸਫਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਮਸੂੜਿਆਂ ਵਿਚ ਖੂਨ ਆਉਣਾ, ਮੂੰਹ ਵਿਚੋਂ ਬਦਬੂ ਆਉਣਾ, ਦੰਦਾਂ ਦਾ ਪੀਲਾ ਜਾਂ ਕਾਲਾ ਪੈ ਜਾਣਾ, ਦੰਦਾਂ ਵਿਚ ਖੋੜ ਪੈ ਜਾਣੀ, ਠੰਡਾ-ਗਰਮ ਲੱਗਣਾ ਅਤੇ ਦਰਦ ਦਾ ਹੋਣਾਂ ਆਮ ਬੀਮਾਰੀਆਂ ਹਨ, ਪਰ ਜੇਕਰ ਅਸੀ ਸਮੇਂ ਸਿਰ ਇਨ੍ਹਾਂ ਦਾ ਇਲਾਜ ਕਰਵਾ ਲਈਏ ਤਾਂ ਅਸੀ ਆਪਣੇ ਦੰਦਾਂ ਨੂੰ ਗੰਭੀਰ ਬੀਮਾਰੀਆਂ ਤੋਂ ਬਚਾਅ ਸਕਦੇ ਹਾਂ।

ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਮੂੰਹ ਦੀ ਸਾਫ ਸਫਾਈ ਰੱਖਣ, ਦੰਦਾਂ ਅਤੇ ਮੂੰਹ ਦੀਆਂ ਬਿਮਾਰੀਆਂ ਤੋਂ ਬਚਣ ਬਾਰੇ ਜਾਗਰੂਕਤਾ ਭਰਪੂਰ ਪੋਸਟਰ ਬਣਾ ਕੇ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ। ਪ੍ਰਤਿਯੋਗਿਤਾ ਵਿੱਚ ਪਹਿਲਾ ਦੂਜਾ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਅਤੇ ਸਮੂਹ ਭਾਗੀਦਾਰ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸਾਰੀਆਂ ਵਿਦਿਆਰਥਣਾਂ ਨੂੰ ਵਿਭਾਗ ਵਲੋਂ ਟੂਥ ਪੇਸਟ ਅਤੇ ਟੂਥ ਬੁਰਸ਼ ਵੰਡੇ ਗਏ।
