2 ਕਿਲੋ 600 ਗ੍ਰਾਮ ਅਫ਼ੀਮ ਰੱਖਣ ਦੇ ਦੋਸ਼ ‘ਚ 10 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ
ਰੂਪਨਗਰ (TTT)-ਜ਼ਿਲ੍ਹਾ ਰੂਪਨਗਰ ਦੇ ਸੈਸ਼ਨ ਜੱਜ ਸ਼ਿਆਮ ਲਾਲ ਦੀ ਅਦਾਲਤ ਨੇ ਇਕ ਵਿਅਕਤੀ ਨੂੰ 2 ਕਿਲੋ 600 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ ਦੇ ਦੋਸ਼ ਵਿਚ 10 ਸਾਲ ਦੀ ਸਜ਼ਾ ਸੁਣਾਈ। ਮਿਲੀ ਜਾਣਕਾਰੀ ਅਨੁਸਾਰ 5 ਜੁਲਾਈ 2021 ਨੂੰ ਥਾਣਾ ਸਦਰ ਰੂਪਨਗਰ ਦੀ ਪੁਲਸ ਨੇ ਗੰਗਾਧਰ ਪੁੱਤਰ ਨੰਨੇ ਲਾਲ ਵਾਸੀ ਪਿੰਡ ਬਲੇੜਾ ਥਾਣਾ ਫਰੀਦਪੁਰ ਜ਼ਿਲ੍ਹਾ ਬਰੇਲੀ ਯੂ. ਪੀ. ਨੂੰ ਪੁਲਸ ਨੇ ਬਿੰਦਰਖ ਰੋਡ ਨੇੜੇ ਨਾਕਾਬੰਦੀ ਦੌਰਾਨ 2 ਕਿਲੋ 600 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਕੇ ਮੌਕੇ ’ਤੇ ਡੀ. ਐੱਸ. ਪੀ. ਸਬ ਡਿਵੀਜ਼ਨ ਨੂੰ ਬੁਲਾ ਕੇ ਕਾਰਵਾਈ ਕੀਤੀ ਗਈ ਸੀ।
ਥਾਣਾ ਸਦਰ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 18 ਤਹਿਤ ਮੁਕੱਦਮਾ ਨੰਬਰ 92 ਦਰਜ ਕਰਕੇ ਸ਼ੁੱਕਰਵਾਰ ਅਦਾਲਤ ਵਿਚ ਚਲਾਨ ਪੇਸ਼ ਕੀਤਾ, ਜਿਸ ’ਤੇ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਕਤ ਗੰਗਾਧਰ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਅਦਾ ਨਾ ਕਰਨ ’ਤੇ ਇਕ ਸਾਲ ਦੀ ਵਾਧੂ ਕੈਦ ਦੀ ਵਿਵਸਥਾ ਹੈ।