
ਹੁਸ਼ਿਆਰਪੁਰ:(TTT) ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਜਨਰਲ ਬਾਡੀ ਮੀਟਿੰਗ ਸਾਥੀ ਆਸ਼ਾ ਨੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਸਾਥੀ ਬਲਜੀਤ ਸਿੰਘ ਗਰੇਵਾਲ ਅਤੇ ਗੁਰਨੇਕ ਸਿੰਘ ਭੱਜਲ ਉਪ-ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ.ਸਰਕਾਰ ਹੋਂਦ ਵਿੱਚ ਆਈ ਹੈ,ਇਸ ਨੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਜਨਤਾ ਦੇ ਹੋਰ ਵਰਗਾਂ ਦੇ ਨਾਲ-ਨਾਲ ਕਿਸਾਨੀ ਸਾਹਮਣੇ ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਕਿਸਾਨੀ ਦੇ ਇਕਜੁੱਟ ਅੰਦੋਲਨ ਨੇ ਭਾਵੇਂ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਲੇ ਕਾਨੂੰਨ ਵਾਪਿਸ ਕਰਵਾ ਦਿੱਤੇ ਸਨ ਪਰੰਤੂ ਵਿੰਗੇ-ਟੇਡੇ ਢੰਗ ਨਾਲ ਮੋਦੀ ਸਰਕਾਰ ਉਹਨਾਂ ਨੂੰ ਕਿਸਾਨੀ ਤੇ ਥੋਪਣ ਲਈ ਬਜਿੱਦ ਹੈ। ਇਸ ਦਾ ਸਬੂਤ ਕੌਮੀ ਖੇਤੀਬਾੜੀ ਮੰਡੀਕਰਨ ਨੀਤੀ ਖਰੜੇ ਨੂੰ ਲੈ ਕੇ ਆਉਣਾ ਹੈ। ਮੋਦੀ ਸਰਕਾਰ ਕਿਸਾਨੀ ਲਾਗਤਾਂ ਨੂੰ ਵਧਾਉਣ ਅਤੇ ਆਮਦਨ ਤੇ ਸੱਟ ਮਾਰਨ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁਕਾਬਲਾ ਕੁਲ ਹਿੰਦ ਕਿਸਾਨ ਸਭਾ ਨੂੰ ਆਜ਼ਾਦ ਤੌਰ ਤੇ ਅਤੇ ਦੂਸਰੀਆਂ ਹਮਖਿਆਲ ਜੱਥੇਬੰਦੀਆਂ ਨਾਲ ਇਕਜੁੱਟ ਹੋ ਕੇ ਸੰਘਰਸ਼ਾਂ ਰਾਹੀਂ ਹੀ ਕੀਤਾ ਜਾ ਸਕਦਾ ਹੈ। ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਕਾਨਫਰੰਸਾਂ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਸਾਲ ਸਭਾ ਦੇ ਵੱਖ-ਵੱਖ ਪੱਧਰਾਂ ਦੀਆਂ ਕਾਨਫਰੰਸਾਂ ਕਰਕੇ ਜੱਥੇਬੰਦੀ ਨੂੰ ਅੱਗੇ ਵਧਾਉਣ ਲਈ ਉਪਰਾਲੇ ਕੀਤੇ ਜਾਣਗੇ। ਸਾਥੀ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਸਾਰੇ ਸਾਥੀਆਂ ਨੂੰ ਦਿਨ ਰਾਤ ਇੱਕ ਕਰਨ ਦੀ ਜ਼ਰੂਰਤ ਹੈ।


ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਸਾਥੀ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਇਸ ਸਾਲ ਦੀ ਮੈਂਬਰਸ਼ਿਪ 30 ਅਪ੍ਰੈਲ ਤੱਕ ਮੁਕੰਮਲ ਕਰ ਲਈ ਜਾਵੇਗੀ। ਤਹਿਸੀਲ ਕਾਨਫਰੰਸਾਂ 22 ਮਈ ਗੜ੍ਹਸ਼ੰਕਰ (ਭੱਜਲ), 24 ਮਈ ਮੁਕੇਰੀਆਂ (ਮਲਕੋਵਾਲ), 25 ਮਈ ਹੁਸ਼ਿਆਰਪੁਰ ਅਤੇ 26 ਮਈ ਦਸੂਹਾ ਵਿਖੇ ਕੀਤੀਆਂ ਜਾਣਗੀਆਂ। 20 ਮਈ ਨੂੰ ਹੋਣ ਵਾਲੀ ਦੇਸ਼ ਪੱਧਰ ਦੀ ਟਰੇਡ ਯੂਨੀਅਨ ਦੀ ਹੜਤਾਲ ਵਿੱਚ ਸਭਾ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸਾਥੀ ਗੁਰਮੇਸ਼ ਸਿੰਘ ਨੇ ਬੋਲਦਿਆਂ ਪਿੰਡਾਂ ਅੰਦਰ ਕਿਸਾਨ ਮਜ਼ਦੂਰ ਏਕਤਾ ਦੀ ਉਸਾਰੀ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਜ਼ੋਰ ਦਿੱਤਾ।
