ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ‘ਰੇਲ ਰੋਕੋ’ ਅੰਦੋਲਨ ਕੀਤਾ ਖ਼ਤਮ, ਅਗਲੇਰੀ ਕਾਰਵਾਈ ਬਾਰੇ ਕੀਤੇ ਵੱਡੇ ਐਲਾਨ
(TTT)ਚੰਡੀਗੜ੍ਹ/ਪਟਿਆਲਾ/ਸਨੌਰ/ਜੈਤੋ/ਅੰਬਾਲਾ – ਕਿਸਾਨ ਅੰਦੋਲਨ-2 ਦੇ 100 ਦਿਨ ਪੂਰੇ ਹੋਣ ਅਤੇ ਸ਼ੰਭੂ ਵਿਖੇ 3 ਕਿਸਾਨਾਂ ਦੀ ਰਿਹਾਈ ਲਈ ਚੱਲ ਰਹੇ ‘ਰੇਲ ਰੋਕੋ’ ਅੰਦੋਲਨ ਸਬੰਧੀ ਸੋਮਵਾਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਕਿਸਾਨ-ਮਜ਼ਦੂਰ ਮੋਰਚਾ ਅਤੇ ਐੱਸ.ਕੇ.ਐੱਮ. (ਗੈਰ-ਸਿਆਸੀ) ਨੇ ਅਹਿਮ ਐਲਾਨ ਕੀਤੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ-2 ਦੇ 100 ਦਿਨ ਪੂਰੇ ਹੋਣ ’ਤੇ ਸ਼ੰਭੂ ਬਾਰਡਰ, ਖਨੌਰੀ, ਡੱਬਵਾਲੀ ਅਤੇ ਰਤਨਪੁਰਾ ਵਿਖੇ ਵੱਡੀਆਂ ਕਿਸਾਨ ਕਾਨਫਰੰਸਾਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਸ਼ੰਭੂ ਰੇਲਵੇ ਟਰੈਕ ’ਤੇ ਲਾਏ ਗਏ ਧਰਨੇ ਨੂੰ ਵੀ ਹਟਾ ਲਿਆ ਜਾਵੇਗਾ।
ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਕਾਨਫਰੰਸ ਵਿਚ ਦੇਸ਼ ਭਰ ਤੋਂ ਸ਼ਾਮਲ ਹੋਣ ਵਾਲੇ ਕਿਸਾਨਾਂ ਲਈ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵਧਦੀ ਗਰਮੀ ਅਤੇ ਤਾਪਮਾਨ ਨੂੰ ਦੇਖਦੇ ਹੋਏ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।