ਕਿਸੇ ਦੀ ਬੇਨੂਰ ਜਿੰਦਗੀ ਵਿਚ ਨੂਰ ਭਰ ਸਕਦਾ ਹੈ ਨੇਤਰ ਦਾਨ: ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ
ਹੁਸ਼ਿਆਰਪੁਰ 25 ਅਗਸਤ (ਬਜਰੰਗੀ ਪਾਂਡੇ ): ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਆਈ ਡੋਨੇਸ਼ਨ ਐਸੋਸੀਏਸ਼ਨ (ਰਜਿ) ਦੇ ਸਹਿਯੋਗ ਨਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾਣ ਵਾਲੇ 38ਵੇ ਅੱਖਾਂਦਾਨ ਪੰਦਰਵਾੜੇ ਦੀ ਸ਼ੂਰੁਆਤ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਇਕ ਈ ਰਿਕਸ਼ਾ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਅਤੇ ਆਈ ਡੋਨੇਸ਼ਨ ਐਸੋਸੀਏਸ਼ਨ ਵਲੋਂ ਸਾਝੇਂ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਉਪਰੰਤ ਸਰਕਾਰੀ ਨਰਸਿੰਗ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਨੇ ਇਸ ਪੰਦਰਵਾੜੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਦੇ ਦਾਨ ਨਾਲ ਜੁੜੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਜਾਗਰੂਕਤਾ ਜ਼ਰੀਏ ਦੂਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਾਗਰੂਕਤਾ ਦੀ ਕਮੀ ਦੇ ਚਲਦਿਆਂ ਲੋਕ ਮ੍ਰਿਤਕ ਵਿਅਕਤੀ ਦੇ ਨਾਲ ਉਸ ਦੀਆਂ ਜੀਵਤ ਅੱਖਾਂ ਜੋ ਕਿਸੀ ਹੋਰ ਦ੍ਰਿਸ਼ਟੀਹੀਣ ਵਿਅਕਤੀ ਦੇ ਕੰਮ ਆ ਸਕਦੀਆਂ ਹਨ ਨੂੰ ਵੀ ਨਾਲ ਹੀ ਜਲਾ ਦਿੰਦੇ ਹਨ। ਇਸ ਸੰਬੰਧੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸੌਂਹ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ।
ਅੱਖਾਂ ਦੇ ਮਾਹਿਰ ਡਾ.ਸੰਤੋਖ ਰਾਮ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਮੋਤੀਆ ਅਤੇ ਗਲੂਕੋਮਾ ਤੋਂ ਬਾਅਦ ਕੌਰਨੀਆ ਸੰਬੰਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਅੱਖਾਂ ਦੇ ਦਾਨ ਸੰਬੰਧੀ ਰਜਿਸਟ੍ਰੇਸ਼ਨ ਫ਼ਾਰਮ ਜਿਲ੍ਹਾ ਹਸਪਤਾਲ, ਸਬ-ਡਵੀਜ਼ਨ ਹਸਪਤਾਲਾਂ ਅਤੇ ਨਜ਼ਰ ਕੇਂਦਰਾਂ ‘ਤੇ ਉਪਲੱਬਧ ਹੈ। ਆਈ ਡੋਨੇਸ਼ਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਸ੍ਰੀ ਸੁਰੇਸ਼ ਕਪਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸਹਿਯੋਗ ਨਾਲ ਉਹਨਾਂ ਵਲੋਂ ਹੁਣ ਤੱਕ ਦਾਨੀਆਂ ਵੱਲੋਂ ਦਾਨ ਕੀਤੀਆਂ ਗਈਆਂ 1100 ਤੋਂ ਵੱਧ ਆਈਬਾਲ ਪ੍ਰਾਪਤ ਕਰਕੇ ਲੋੜਵੰਦਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਹੁਣ ਤੱਕ ਇੱਕ ਲੱਖ ਤੋਂ ਵੱਧ ਪਲੈਜ ਫਾਰਮ ਭਰੇ ਜਾ ਚੁੱਕੇ ਹਨ।
ਡਿਪਟੀ ਮਾਸ ਮੀਡੀਆ ਅਫਸਰ ਡਾ.ਤ੍ਰਿਪਤਾ ਦੇਵੀ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਆਪਣੀਆਂ ਅੱਖਾਂ ਦਾਨ ਕਰਦਾ ਹੈ ਉਸ ਨੂੰ ਆਪਣਾ ਸਰਟੀਫਿਕੇਟ ਫਰੇਮ ਕਰਵਾ ਕੇ ਆਪਣੇ ਡਰਾਇੰਗ ਰੂਮ ਚ ਲਗਾਉਣਾ ਚਾਹੀਦਾ ਹੈ ਤੇ ਇਸ ਬਾਬਤ ਆਪਣੇ ਸਾਰੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦੱਸਣਾ ਚਾਹੀਦਾ ਹੈ ।
ਸੈਮੀਨਾਰ ਦੇ ਅੰਤ ਵਿਚ ਡਾ. ਗੁਰਬਖਸ਼ ਸਿੰਘ ਨੇ ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੀਆਂ ਪ੍ਰਾਪਤੀਆਂ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਐਸੋਸੀਏਸ਼ਨ ਦੀ ਇਸ ਮਿਹਨਤ ਨਾਲ ਹੀ 2014 ਵਿਚ ਹੁਸ਼ਿਆਰਪੁਰ ਜ਼ਿਲੇ ਨੂੰ ਕੋਰਨੀਅਲ ਫ੍ਰੀ ਘੋਸ਼ਿਤ ਕੀਤਾ ਗਿਆ ਸੀ। ਇਸ ਮੌਕੇ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਤੇ ਉਹਨਾਂ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਰੈਲੀ ਦੌਰਾਨ ਉਕਤ ਤੋਂ ਇਲਾਵਾ ਸੀਨੀਅਰ ਮੈਡੀਕਲ ਇੰਚਾਰਜ ਸਿਵਲ ਹਸਪਤਾਲ ਡਾ.ਸਵਾਤੀ, ਸੀਨੀਅਰ ਮੈਡੀਕਲ ਅਫ਼ਸਰ ਡਾ.ਮਨਮੋਹਨ ਸਿੰਘ, ਡਾ ਸੈਲੇਸ਼, ਡਾ.ਜਗਦੀਪ ਸਿੰਘ, ਡੀ.ਪੀ.ਐਮ ਮੁਹੰਮਦ ਆਸਿਫ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਜ਼ਿਲ੍ਹਾ ਬੀ.ਸੀ.ਸੀ ਅਮਨਦੀਪ ਸਿੰਘ, ਪ੍ਰਿ.ਤ੍ਰਿਸ਼ਲਾ, ਸੰਜੀਵ ਕੁਮਾਰ ਲੂਥਰਾ, ਆਈ ਡੋਨੇਸ਼ਨ ਐਸੋਸੀਏਸ਼ਨ ਦੇ ਸਰਪ੍ਰਸਤ ਬਹਾਦਰ ਸਿੰਘ ਸੁਨੇਤ, ਜਨਰਲ ਸਕੱਤਰ ਬਲਜੀਤ ਸਿੰਘ, ਹਰਭਜਨ ਸਿੰਘ, ਕਿਸ਼ੋਰੀ ਲਾਲ, ਜਤਿੰਦਰ ਕੌਰ, ਸੰਤੋਸ਼ ਸੈਣੀ ਅਤੇ ਹੋਰ ਪਤਵੰਤੇ ਹਾਜ਼ਰ ਸਨ ।
———-