News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਨਸ਼ਾ ਇੱਕ ਆਦਤ ਨਹੀਂ ਸਗੋਂ ਬੀਮਾਰੀ ਹੈ ਤੇ ਇਸ ਦਾ ਇਲਾਜ਼ ਹੋ ਸਕਦਾ ਹੈ : ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ

ਨਸ਼ਾ ਇੱਕ ਆਦਤ ਨਹੀਂ ਸਗੋਂ ਬੀਮਾਰੀ ਹੈ ਤੇ ਇਸ ਦਾ ਇਲਾਜ਼ ਹੋ ਸਕਦਾ ਹੈ : ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ

ਹੁਸ਼ਿਆਰਪੁਰ 06 ਸਤੰਬਰ 2024 (TTT) ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਮਸੀ ਡਾ.ਹਰਬੰਸ ਕੌਰ ਦੀ ਯੋਗ ਅਗਵਾਈ ਵਿੱਚ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਸ਼੍ਰੀ ਰਾਜਨ ਅਰੋੜਾ ਜੀ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੁਲਿਸ ਵਿਭਾਗ ਤੋਂ ਜ਼ਿਲਾ ਹੁਸ਼ਿਆਰਪੁਰ ਦੇ ਨਾਰਕੋਟਿਕਸ ਡੀ ਐਸ ਪੀ ਸਰਦਾਰ ਜਗੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।ਸਿਹਤ ਵਿਭਾਗ ਵੱਲੋਂ ਡਿਪਟੀ ਮਾਸ ਮੀਡੀਆ ਅਫਸਰ ਡਾ. ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਮੈਨੇਜਰ ਰਿਹੈਬਲੀਟੇਸ਼ਨ ਸੈੰਟਰ ਨਿਸ਼ਾ ਰਾਣੀ, ਜਿਲਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਕਾਊਂਸਲਰ ਰਾਜਵਿੰਦਰ ਕੌਰ ਅਤੇ ਕਾਊਂਸਲਰ ਪ੍ਰਸ਼ਾਂਤ ਆਦੀਆ ਅਤੇ ਵੱਖ ਵੱਖ ਸਿਖਿਆ ਸੰਸਥਾਵਾਂ ਦੇ ਹੈਡ ,ਟੀਚਰਜ਼ ਅਤੇ ਵਿਦਿਆਰਥੀ ਸ਼ਾਮਿਲ ਹੋਏ। ਡਾ ਹਰਬੰਸ ਕੌਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਿਰਫ ਇੱਕ ਬੰਦੇ ਦਾ ਹੀ ਨਹੀਂ ਸਗੋਂ ਸਾਰੇ ਪਰਿਵਾਰ ਦਾ ਜੀਵਨ ਬਰਬਾਦ ਕਰ ਦਿੰਦਾ ਹੈ। ਇਹ ਇੱਕ ਮਾਨਸਿਕ ਬੀਮਾਰੀ ਹੈ ਜਿਸ ਨੂੰ ਸਹੀ ਇਲਾਜ ਨਾਲ ਹਮੇਸ਼ਾ ਲਈ ਛੱਡਿਆ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ-ਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਪਹਿਲੀ ਵਾਰੀ ਹੀ ਪੇਸ਼ ਹੋਏ ਨਸ਼ੇ ਨੂੰ ‘ਨਾਂਹ’ ਕਹਿਣਾ ਹੀ ਇਸ ਦਲਦਲ ਵਿੱਚ ਫੱਸਣ ਤੋਂ ਬਚਾਅ ਸਕਦਾ ਹੈ।ਸਿਹਤ ਵਿਭਾਗ ਵੱਲੋਂ ਨਸ਼ਾ ਛਡਾਊ ਕੇਂਦਰ, ਮੁੜ ਵਸੇਬਾ ਕੇਂਦਰ ਅਤੇ ਓਟ ਕਲੀਨਿਕਾਂ ਵਿੱਚ ਨਸ਼ਾ ਰੋਗੀ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਮਰੀਜ਼ ਅਤੇ ਉਸ ਦੇ ਪਰਿਵਾਰ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ। ਡੀ ਐਸ ਪੀ ਸ੍ਰੀ ਜਗੀਰ ਸਿੰਘ ਨੇ ਕਿਹਾ ਕਿ ਸਮਾਜ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਸਾਂਝੇ ਤੌਰ ਉਪਰਾਲਿਆਂ ਦੀ ਲੋੜ ਹੈ, ਤਾਂ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਬਚਾ ਸਕੀਏ ਤੇ ਉਹਨਾਂ ਨੂੰ ਦਸ ਸਕੀਏ ਕਿ ਜਿੰਦਗੀ ਬਹੁਤ ਕੀਮਤੀ ਹੈ ਇਸਨੂੰ ਨਸ਼ਿਆਂ ਵਿੱਚ ਨਾ ਰੋਲੀਏ।ਉਹਨਾਂ ਦੱਸਿਆ ਕਿ ਪੁਲਿਸ ਵਿਭਾਗ ਨਸ਼ਿਆਂ ਤੇ ਕਾਬੂ ਪਾਉਣ ਲਈ ਜੀ ਤੋੜ ਉਪਰਾਲੇ ਕਰ ਰਿਹਾ ਹੈ। ਪਰ ਇਸ ਅਲਾਮਤ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖਣ ਲਈ ਮਾਂ ਬਾਪ ਦੀ ਵੀ ਵੱਡੀ ਜ਼ਿੰਮੇਦਾਰੀ ਬਣਦੀ ਹੈ।

ਡਿਪਟੀ ਮਾਸ ਮੀਡੀਆ ਅਫਸਰ ਡਾ. ਤ੍ਰਿਪਤਾ ਦੇਵੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਇਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਭਵਿੱਖਤ ਪੀੜੀ ਨੂੰ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ। ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਆਲੇ ਦਵਾਲੇ ਕੋਈ ਵੀ ਅਜਿਹਾ ਵਿਅਕਤੀ ਮਿਲਦਾ ਹੈ ਜੋ ਨਸ਼ੇ ਦੀ ਬਿਮਾਰੀ ਤੋਂ ਪੀੜਿਤ ਹੈ ਤਾਂ ਉਸ ਨੂੰ ਨੇੜੇ ਦੇ ਸਿਹਤ ਕੇਂਦਰ ਵਿਚ ਇਲਾਜ਼ ਲਈ ਪ੍ਰੇਰਿਤ ਕਰੋ।

ਮੈਨੇਜਰ ਨਿਸ਼ਾ ਰਾਣੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਯਤਨ ਕਰੇ।

ਕਾਊਂਸਲਰ ਪ੍ਰਸ਼ਾਂਤ ਆਦੀਆ ਨੇ ਕਿਹਾ ਕਿ ਨੌਜਵਾਨ ਪੀੜੀ ਲਚਰਤਾ, ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਦਲਦਲ ਵਿੱਚ ਫੱਸਦੀ ਜਾ ਰਹੀ ਹੈ। ਜਿਸਦੇ ਨਾਲ ਸਿਹਤ ਅਤੇ ਹੋਰ ਸਮਾਜਿਕ ਕਦਰਾਂ ਕੀਮਤਾ ’ਚ ਗਿਰਾਵਟ ਆ ਰਹੀ ਹੈ।

ਕਾਊਂਸਲਰ ਰਾਜਵਿੰਦਰ ਕੌਰ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਤਹਿਤ ਸਰਕਾਰੀ ਤੌਰ ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਡਿਸਟ੍ਰਿਕਟ ਐਜੂਕੇਸ਼ਨ ਆਫਿਸ ਤੋਂ ਸ੍ਰੀ ਗੋਪਾਲ ਕ੍ਰਿਸ਼ਨ ਨੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਦਾ ਨਸ਼ਿਆਂ ਤੋਂ ਬਚਾਅ ਅਤੇ ਇਸਦੇ ਇਲਾਜ ਬਾਰੇ ਭਰਪੂਰ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ ਅਤੇ ਉਹਨਾਂ ਆਪਣੇ ਵਿਭਾਗ ਵੱਲੋਂ ਇਸ ਮੁਹਿੰਮ ਵਿੱਚ ਪੂਰਣ ਸਹਿਯੋਗ ਦੇਣ ਦਾ ਭਰੋਸਾ ਦਿੱਤਾ।