ਜ਼ਿਲ੍ਹਾ ਰੈੱਡ ਕਰਾਸ ਦੇ ’ਵਿੰਗਜ਼ ’ ਪ੍ਰੋਜੈਕਟ ਨੂੰ ਮਿਲਿਆ ਰਾਜ ਪੱਧਰੀ ਸਨਮਾਨ
ਹੁਸ਼ਿਆਰਪੁਰ, 6 ਦਸੰਬਰ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ ਚਲਾਏ ਜਾ ਰਹੇ ਵਿਸ਼ੇਸ਼ ਪ੍ਰੋਜੈਕਟ ’ਵਿੰਗਜ’ ਨੂੰ ਅੰਤਰਰਾਸ਼ਟਰੀ ਦਿਵਆਂਗ ਦਿਵਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ (ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ ਵਿਭਾਗ) ਵਲੋਂ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਇਸ ਪ੍ਰੋਜੈਕਟ ਦੀ ਵਿਲੱਖਣ ਸਫ਼ਲਤਾ ਦਾ ਪ੍ਰਮਾਣ ਹੈ|ਇਸ ਪ੍ਰੋਜੈਕਟ ਤਹਿਤ 12 ਵਿਸ਼ੇਸ਼ ਬੱਚਿਆਂ ਵਲੋਂ 4 ਵੱਖ-ਵੱਖ ਥਾਵਾਂ ’ਤੇ ਕੰਟੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਕੰਟੀਨਾਂ ਵਿਚ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਾਜਬ ਰੇਟਾਂ ’ਤੇ ਚਾਹ, ਕੋਫੀ, ਸਮੌਸੇ, ਸੈਂਡਵਿਚ, ਰਾਜਮਾਹ-ਚਾਵਲ, ਕੜੀ-ਚਾਵਲ ਆਦਿ ਉਚ ਗੁਣਵੱਤਾ ਵਾਲਾ ਖਾਦ ਪਦਾਰਥ ਉਪਲਬੱਧ ਕਰਵਾਇਆ ਜਾਂਦਾ ਹੈ। ਇਸ ਪ੍ਰੋਜੈਕਟ ਨੇ ਨਾ ਕੇਵਲ ਇਨ੍ਹਾਂ ਵਿਸ਼ੇਸ਼ ਬੱਚਿਆਂ ਨੂੰ ਆਰਥਿਕ ਰੂਪ ਵਿਚ ਆਤਮ ਨਿਰਭਰ ਬਣਾਇਆ ਹੈ ਸਗੋਂ ਉਨ੍ਹਾਂ ਦੇ ਸਮਾਜਿਕ ਜੀਵਨ ਨੂੰ ਸੁਧਾਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ।ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਕੈਂਟੀਨਾਂ ਪਿਛਲੇ 11 ਮਹੀਨੇ ਤੋਂ 8000 ਤੋਂ ਵੱਧ ਗ੍ਰਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਆਪਣੀ ਲਾਗਤ ਕੱਢਣ ਉਪਰੰਤ ਇਹ ਕੈਂਟੀਨਾਂ ਵਿਸ਼ੇਸ਼ ਬੱਚਿਆਂ ਨੂੰ ਮਿਹਨਤਾਨਾ ਵੀ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਕਾਰਨ ਵਿਸ਼ੇਸ਼ ਬੱਚਿਆਂ ਅਤੇ ਸਧਾਰਨ ਬੱਚਿਆਂ ਦਰਮਿਆਨ ਸਕਰਾਤਮਕ ਸੋਚ ਅਤੇ ਸੰਵੇਦਨਸ਼ੀਲਤਾ ਵਧੀ |ਡਿਪਟੀ ਕਮਿਸ਼ਨਰ ਨੇ ਇਸ ਪ੍ਰੋਜੈਕਟ ਦੀ ਸਫ਼ਲਤਾ ਨੂੰ ਦੇਖਦੇ ਹੋਏ ਘੋਸ਼ਣਾ ਕੀਤੀ ਕਿ ਇਸ ਤਰ੍ਹਾਂ ਦੀ ’ਵਿੰਗਜ਼’ ਕੰਟੀਨ ਹੋਰ ਸਕੂਲਾਂ ਅਤੇ ਕਾਲਜਾਂ ਵਿਚ ਵੀ ਖੋਲ੍ਹੀ ਜਾਵੇਗੀ। ਇਸ ਲਈ ਉਨ੍ਹਾਂ ਲੁਧਿਆਣਾ ਬੇਵਰੇਜੇਜ (ਕੋਕਾ-ਕੋਲਾ) ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਪਾਂਸਰ ਕਰਕੇ ਵਿਸ਼ੇਸ਼ ਬੱਚਿਆਂ ਦੇ ਜੀਵਨ ਵਿਚ ਨਵਾਂ ਉਜਾਲਾ ਭਰਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ’ਵਿੰਗਜ਼’ਪ੍ਰੋਜੈਕਟ ਦੀ ਸਫ਼ਲਤਾ ਇਹ ਸਾਬਤ ਕਰਦੀ ਹੈ ਕਿ ਸਹੀ ਦਿਸ਼ਾ ਅਤੇ ਸਮਰਥਨ ਨਾਲ ਵਿਸ਼ੇਸ਼ ਬੱਚੇ ਵੀ ਆਤਮ ਨਿਰਭਰ ਅਤੇ ਮਜ਼ਬੂਤ ਹੋ ਸਕਦੇ ਹਨ।