
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ‘ਚ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਰੋਕਣ ਲਈ ਹੁਕਮ ਜਾਰੀ-ਕਾਲਾਬਾਜ਼ਾਰੀ ਦੀ ਸ਼ਿਕਾਇਤ ਲਈ ਅਧਿਕਾਰੀਆ ਦੇ ਨੰਬਰ ਕੀਤੇ ਜਨਤਕ

(TTT) ਹੁਸ਼ਿਆਰਪੁਰ, 9 ਮਈ: ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਪੈਦਾ ਹੋਏ ਹਾਲਤ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਜ਼ਰੂਰੀ ਵਸਤਾਂ ਦੀ ਢੁਕਵੀਂ ਉਪਲਬੱਧਤਾ ਬਣਾਈ ਰੱਖਣ ਲਈ ਜ਼ਰੂਰੀ ਵਸਤਾਂ ਐਕਟ, 1955 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਜਾਂ ਵਪਾਰੀ ਨੂੰ ਜ਼ਰੂਰੀ ਵਸਤਾਂ ਦਾ ਭੰਡਾਰਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਵਸਤਾਂ ਵਿਚ ਅਨਾਜ ਅਤੇ ਇਸ ਤੋਂ ਬਣੀਆ ਚੀਜ਼ਾਂ, ਪਸ਼ੂਆਂ ਦਾ ਚਾਰਾ, ਦੁੱਧ ਅਤੇ ਡੇਅਰੀ ਉਤਪਾਦ, ਪੈਟਰੋਲ/ਡੀਜ਼ਲ ਅਤੇ ਹੋਰ ਈਂਧਣ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸ਼ਾਮਲ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਰੂਰੀ ਵਸਤਾਂ ਦੇ ਭੰਡਾਰਨ, ਕਾਲਾਬਾਜ਼ਾਰੀ ਜਾਂ ਗੈਰ-ਵਾਜਬ ਰੇਟ ਵਸੂਲਣ ਵਾਲਿਆਂ ਦੀ ਸ਼ਿਕਾਇਤ ਲਈ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜ਼ਰੂਰੀ ਵਸਤਾਂ ਪੈਟਰੋਲ/ਡੀਜ਼ਲ ਸਬੰਧੀ ਸ਼ਿਕਾਇਤ ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਹਰਵੀਨ ਕੌਰ ਨਾਲ ਮੋਬਾਇਲ ਨੰਬਰ 86991-74429 ਅਤੇ 01882-222663, ਪਸ਼ੂਆਂ ਦੇ ਚਾਰੇ ਆਦਿ ਸਬੰਧੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਚਮਨ ਲਾਲ ਨਾਲ 76580-67043 ਅਤੇ 01882-253574, ਸਬਜ਼ੀਆਂ ਅਤੇ ਫ਼ਲਾਂ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਗੁਰਕ੍ਰਿਪਾਲ ਸਿੰਘ ਨਾਲ 98152-06188 ਅਤੇ ਕੈਟਲਫੀਡ ਸਬੰਧੀ ਜ਼ਿਲ੍ਹਾ ਮੈਨੇਜਰ ਮਾਰਫੈਡ ਸੰਜੀਵ ਚੋਪੜਾ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 98720-02155 ਅਤੇ ਜਨਰਲ ਮੈਨੇਜਰ ਵੇਰਕਾ ਨਾਲ 98149-07999 ਅਤੇ 01882-238822, 238834 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜੰਗ ਦੇ ਕਾਰਨ ਐਮਰਜੈਂਸੀ ਹੋਣ ‘ਤੇ ਫ਼ਲ-ਸਬਜ਼ੀਆਂ ਦੀ ਪਰਿਆਪਤ ਸਪਲਾਈ ਬਣਾਈ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਫ਼ਲ-ਸਬਜ਼ੀਆਂ ਦੀ ਜਮ੍ਹਾਂਖੋਰੀ ਨੂੰ ਰੋਕਿਆ ਜਾਵੇ ਅਤੇ ਇਸ ਸਬੰਧੀ ਵਿਸ਼ੇਸ਼ ਚੈਕਿੰਗ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਤਰ੍ਹਾਂ ਫ਼ਲ-ਸਬਜ਼ੀਆਂ ਦੇ ਰੇਟ ਗੈਰ-ਵਾਜਬ ਤਰੀਕੇ ਨਾਲ ਸਬਜੀ ਮੰਡੀ ਵਿਖੇ ਨਾ ਵਧਾਏ ਜਾਣ। ਜਮ੍ਹਾਂਖੋਰੀ ਅਤੇ ਗੈਰ-ਵਾਜਬ ਰੇਟ ਲਗਾ ਕੇ ਫ਼ਲ-ਸਬਜ਼ੀਆਂ ਵੇਚਣ ਵਾਲੇ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀਇਸ ਤੋਂ ਇਲਾਵਾ ਬਲੈਕਆਊਟ ਹੋਣ ਦੀ ਸੂਰਤ ਵਿਚ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮੰਡੀਆਂ ਵਿਚ ਲਾਈਟਾਂ ਬਿਲਕੁਲ ਬੰਦ ਹੋਣ, ਇਸ ਸਬੰਧੀ ਆੜਤੀਆਂ, ਖਰੀਦਦਾਰਾਂ, ਰੇਹੜੀ/ਫੜੀ ਵਾਲਿਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ। ਬਲੈਕਆਊਟ ਦੇ ਸਮੇਂ ਮੰਡੀਆ ਵਿਚ ਵਾਹਨਾਂ ਆਦਿ ਦੀਆਂ ਵੀ ਲਾਈਟਾਂ ਬੰਦ ਰੱਖੀਆਂ ਜਾਣ।

ਉਨ੍ਹਾਂ ਕਿਹਾ ਆੜਤੀਆਂ ਦੀਆ ਵਿਸ਼ੇਸ਼ ਮੀਟਿੰਗਾਂ ਕਰਕੇ ਫ਼ਲ-ਸਬਜ਼ੀਆਂ ਦੀ ਉਪਲਬੱਧਤਾ/ਸਟਾਕ ਬਾਰੇ ਰਿਪੋਰਟ ਤੁਰੰਤ ਇਸ ਦਫ਼ਤਰ ਨੂੰ ਭੇਜੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸਕੱਤਰ ਮਾਰਕਿਟ ਕਮੇਟੀਆ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਹਾਲ ਵਿਚ ਸਟੇਸ਼ਨ ਨਾ ਛੱਡਿਆ ਜਾਵੇ ਤਾਂ ਜੋ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਿਆ ਜਾ ਸਕੇ।
