ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦੀਆਂ ਤਿਆਰੀਆ ਮੁਕੰਮਲ – ਕੋਹਲੀ
ਹੁਸ਼ਿਆਰਪੁਰ, 9 ਜਨਵਰੀ (ਬਜਰੰਗੀ ਪਾਂਡੇ ) :
ਸੂਬਾ ਸਰਕਾਰ ਨੌਜਵਾਨ ਵਰਗ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਅਤੇ ਉਨ੍ਹਾਂ ਨੁੰ ਨਸਿਆ ਤੋਂ ਦੂਰ ਰੱਖਣ ਦੇ ਉਪਰਾਲਿਆਂ ਦੀ ਲੜੀ ਨੁੰ ਨਿਰੰਤਰ ਜਾਰੀ ਰੱਖਦਿਆਂ ਆਪਣੇ ਫ਼ਰਜ਼ਾਂ ਨੁੰ ਬਾਖੂਬੀ ਨਿਭਾਅ ਰਹੀ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਅਗਵਾਈ ਹੇਠ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਕਰਵਾ ਕੇ ਨੌਂਜਵਾਨਾਂ ਦਾ ਹੁਨਰ ਪਰਖਿਆ ਜਾ ਰਿਹਾ ਹੈ। ਇਸੇ ਹੀ ਲੜੀ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਓਪਨ ਯੁਵਕ ਮੇਲਾ ਮਿਤੀ 11 ਅਤੇ 12 ਜਨਵਰੀ ਨੁੰ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦੀਆਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਦੱਸਿਆ ਕਿ 15 ਤੋਂ 35 ਸਾਲ ਤੱਕ ਦਾ ਹੁਸ਼ਿਆਰਪੁਰ ਵਾਸੀ ਇਸ ਯੁਵਕ ਮੇਲੇ ਵਿਚ ਹਿੱਸਾ ਲੈ ਸਕਦਾ ਹੈ। ਪਹਿਲੇ ਦਿਨ ਪੁਰਾਤਨ ਪਹਿਰਾਵਾ, ਵਾਰ ਗਾਇਨ, ਕਵੀਸ਼ਰੀ, ਲੋਕ ਗੀਤ, ਲੋਕ ਸਾਜ਼, ਫੁਲਕਾਰੀ, ਨਾਲ਼ੇ ਬੁਨਣਾ, ਪੀੜ੍ਹੀ ਬੁਨਣਾ, ਛਿੱਕੂ ਬਣਾਉਣਾ, ਪੱਖੀ ਬਣਾਉਣਾ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਕਲੇਅ ਮਾਡਲਿੰਗ, ਕਾਰਟੂਨਿੰਗ, ਰੰਗੋਲੀ ਅਤੇ ਦੂਜੇ ਦਿਨ ਭੰਡ, ਮੋਨੋਐਕਟਿੰਗ, ਭਾਸ਼ਣ, ਸੰੰਮੀ/ ਲੁੱਡੀ, ਭੰਗੜਾ, ਗਿੱਧਾ, ਗੱਤਕੇ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 11-12 ਜਨਵਰੀ ਨੂੰ ਹੋਣ ਵਾਲੇ ਇਸ ਯੁਵਕ ਮੇਲੇ ਦੀਆ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਨਜ਼ਰਸਾਨੀ ਹੇਠ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਵਿਚ ਵੱਡੀ ਗਿਣਤੀ ਵਿਚ ਐਨ. ਐਸ. ਐਸ ਇਕਾਈਆਂ, ਰੈੱਡ ਰੀਬਨ ਕਲੱਬਾਂ, ਯੂਥ ਕਲੱਬਾਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ।