ਜ਼ਿਲਾ ਸਿਹਤ ਅਫਸਰ ਅਤੇ ਫੂਡ ਸੇਫਟੀ ਅਫ਼ਸਰ ਵੱਲੋਂ ਵੱਖ ਵੱਖ ਪੇਠਾ ਫੈਕਟਰੀਆਂ ਦਾ ਨਿਰੀਖਣ
ਹੁਸ਼ਿਆਰਪੁਰ 15 ਸਤੰਬਰ 2024 (TTT) ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਸ਼੍ਰੀ ਵਿਵੇਕ ਕੁਮਾਰ ਨੇ ਟੀਮ ਮੈਂਬਰਾਂ ਦੇ ਨਾਲ ਹੁਸ਼ਿਆਰਪੁਰ ਦੀਆਂ ਵੱਖ ਵੱਖ ਪੇਠਾ ਫੈਕਟਰੀਆਂ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਇਸ ਦੌਰਾਨ 30 ਕਿਲੋ ਕੱਚਾ ਪੇਠਾ ਜੋ ਖਰਾਬ ਹੋਇਆ ਸੀ, ਨਸ਼ਟ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਜ਼ਿਲਾ ਸਿਹਤ ਅਫ਼ਸਰ ਨੇ ਦੱਸਿਆ ਕਿ ਬੀਤੀ ਸ਼ਾਮ ਪੇਠਾ ਬਣਾਉਣ ਵਾਲੀਆਂ ਵੱਖ ਵੱਖ ਫੈਕਟਰੀਆਂ ਦਾ ਨਿਰੀਖਣ ਕਰਕੇ ਖਰਾਬ ਪੇਠਾ ਨਸ਼ਟ ਕਰਵਾਇਆ ਗਿਆ ਸੀ। ਇਸ ਦੌਰਾਨ ਫੂਡ ਸੇਫਟੀ ਦੇ ਲਾਇਸੰਸ ਚੈੱਕ ਕੀਤੇ ਗਏ। ਖਾਧ ਪਦਾਰਥਾਂ ਦੇ ਸਮਾਨ ਦੀ ਐਕਰਸਪਾਈਰੀ ਮਿਤੀ ਚੈੱਕ ਕੀਤੀ ਗਈ। ਐੱਫ.ਐੱਸ.ਐੱਸ.ਏ.ਆਈ. ਦੇ ਮਾਪਦੰਡਾਂ ਅਨੁਸਾਰ ਸਾਫ ਸਫਾਈ ਦਾ ਵੀ ਜਾਇਜ਼ਾ ਲਿਆ ਗਿਆ। ਫੈਕਟਰੀਆਂ ਦੀ ਇਮਾਰਤ ਦੀ ਸਫਾਈ ਲਈ ਸੁਧਾਰ ਨੋਟਿਸ ਜਾਰੀ ਕੀਤਾ ਗਿਆ ਅਤੇ ਪੇਠਾ ਦਾ ਸੈਂਪਲ ਲੈ ਕੇ ਫੂਡ ਲੈਬ ਖਰੜ ਨੂੰ ਭੇਜਿਆ ਗਿਆ। ਅਗਲੇਰੀ ਕਾਰਵਾਈ ਲਏ ਗਏ ਸੈਂਪਲਾਂ ਦੀ ਰਿਪੋਰਟ ਦੇ ਪ੍ਰਾਪਤ ਹੋਣ ਉਪਰੰਤ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਅਧੀਨ ਕੀਤੀ ਜਾਵੇਗੀ।