ਜ਼ਿਲ੍ਹਾ ਰੋਜ਼ਗਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ ਨੇ ਕਰਵਾਏ ਕਰੀਅਰ ਗਾਈਡੈਂਸ ਪ੍ਰੋਗਰਾਮ
(TTT)ਹੁਸ਼ਿਆਰਪੁਰ, 23 ਅਗਸਤ :ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਅਤੇ ਪਰਲਸ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕਰੀਅਰ ਸਬੰਧੀ ਕਰੀਅਰ ਗਾਈਡੈਂਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਯੰਗ ਪ੍ਰੋਫੈਸ਼ਨਲ ਵਿਕਰਮ ਸਿੰਘ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਬਿਊਰੋ ਦੀ ਮਹੱਤਤਾ ਬਾਰੇ ਦੱਸਦੇ ਹੋਏ, ਨੈਸ਼ਨਲ ਕਰੀਅਰ ਸਰਵਿਸਜ਼ ਪੋਰਟਲ ’ਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਦਫ਼ਤਰ ਦੀ ਮੋਬਾਇਲ ਐਪ ‘ਡੀਬੀਈਈ ਆਨਲਾਈਨ’ ਗੂਗਲ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਕੇ ਘਰ ਬੈਠੇ ਹੀ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰੋਜ਼ਗਾਰ ਬਿਊਰੋ ਰਾਹੀਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਬੱਚਿਆਂ ਦੇ ਭਵਿੱਖ ਦੇ ਕਰੀਅਰ ਲਈ ਕੀਤੀ ਜਾਂਦੀ ਕਰੀਅਰ ਕਾਉਂਸਲਿੰਗ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਸਟਰੀਮਾਂ ਦੀ ਪੜ੍ਹਾਈ, ਆਈ.ਟੀ.ਆਈ ਕੋਰਸ, ਡਿਪਲੋਮਾ ਅਤੇ ਡਿਗਰੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਉਨ੍ਹਾਂ ਪਲੇਸਮੈਂਟ ਸੈੱਲ ਦੁਆਰਾ ਕੀਤੇ ਜਾਂਦੇ ਨੌਕਰੀਆਂ ਦੇ ਉਪਰਾਲੇ, ਰੋਜ਼ਗਾਰ ਬਿਊਰੋ ਰਾਹੀਂ ਦਿੱਤੀ ਜਾਂਦੀ ਮੁਫ਼ਤ ਇੰਟਰਨੈੱਟ ਸੁਵਿਧਾ, ਸਵੈ-ਰੋਜ਼ਗਾਰ ਸਕੀਮਾਂ ਅਤੇ ਸ਼ਾਰਟ-ਟਰਮ ਤਕਨੀਕੀ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਵੱਖ-ਵੱਖ ਨੌਕਰੀਆਂ ਅਤੇ ਬੈਂਕਿੰਗ ਸੈਕਟਰ ਦੀਆਂ ਨੌਕਰੀਆਂ ਬਾਰੇ ਵੀ ਜਾਣਕਾਰੀ ਦਿੱਤੀ।ਇਸ ਉਪਰੰਤ ਅਸਿਸਟੈਂਟ ਪ੍ਰੋਫੈਸਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਮੋਹਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਜਮ੍ਹਾਂ-ਘਟਾਓ, ਤਕਸੀਮ, ਗੁਣਾ, ਐਲ.ਸੀ.ਐਮ., ਐਚ.ਸੀ.ਐਫ. ਅਤੇ ਗਣਿਤ ਦੀਆਂ ਹੋਰ ਮੁਢਲੀਆਂ ਕੈਲਕੁਲੇਸ਼ਨਾਂ ਨੂੰ ‘ਵੈਦਿਕ ਮੈਥੇਮੈਟਿਕਸ’ ਦੀ ਵਰਤੋਂ ਨਾਲ ਹੱਲ ਕਰਨ ਦੇ ਹੁਨਰ ਸਿਖਾਏ ਗਏ। ਡਿਪਾਰਟਮੈਂਟ ਆਫ ਕਰੀਅਰ ਗਾਈਡੈਂਸ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਰੁਣ ਨਈਅਰ ਨੇ ਦੱਸਿਆ ਗਿਆ ਕਿ ਉਪਰੋਕਤ ਤਕਨੀਕਾਂ ਨਾਲ ਕਠਿਨ ਤੋਂ ਕਠਿਨ ਕੈਲਕੁਲੇਸ਼ਨਾਂ ਵੀ ਬਹੁਤ ਸਰਲਤਾ ਅਤੇ ਤੇਜ਼ੀ ਨਾਲ ਕੀਤੀਆਂ ਜਾ ਸਕਦੀਆਂ ਹਨ।ਇਸ ਵਿਸ਼ੇਸ਼ ਵਰਕਸ਼ਾਪ ਪ੍ਰੋਗਰਾਮ ਵਿਚ ਸਬੰਧਤ ਦੋਵਾਂ ਸਕੂਲਾਂ ਦੇ ਸਮੂਹ ਸਟਾਫ ਅਤੇ ਤਕਰੀਬਨ 310 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਇਸ ਪ੍ਰੋਗਰਾਮ ਵਿਚ ਭਾਗ ਲਿਆ। ਇਸ ਮੌਕੇ ਪ੍ਰਿੰਸੀਪਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਅਤੇ ਅਤੇ ਪ੍ਰਿੰਸੀਪਲ ਪਰਲਸ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਲਗਾਉਣ ਲਈ ਕਿਹਾ ਗਿਆ।