
ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਇਆ

ਗੜ੍ਹਸ਼ੰਕਰ/ਸੈਲਾਖੁਰਦ, 9 ਅਪ੍ਰੈਲ ( GBC UPDATE ):- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ’ਸਿੱਖਿਆ ਕ੍ਰਾਂਤੀ’ ਤਹਿਤ 3 ਸਕੂਲਾਂ ਵਿਚ ਰੱਖੇ ਪ੍ਰੋਗਰਾਮਾਂ ਦੌਰਾਨ 58 ਲੱਖ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕੰਮਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਇਆ ਹੈ ਜੋ ਕਿ ਅਧਿਆਪਨ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਹੈ।

ਸਰਕਾਰੀ ਹਾਈ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸੈਲਾਖੁਰਦ ਵਿਖੇ 30.65 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਕੰਮਾਂ ਦਾ ਵੇਰਵਾ ਦਿੰਦਿਆਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ ਸਕੂਲ ਵਿਚ ਅਤਿਆਧੁਨਿਕ ਕਲਾਸ ਰੂਮ ਬਣਾਏ ਗਏ ਹਨ ਜੋ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸਾਜਗਾਰ ਮਾਹੌਲ ਦੇਣ ਤੋਂ ਇਲਾਵਾ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਹਨ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਹਲਕੇ ਦੇ ਸਕੂਲਾਂ ਵਿਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਕੰਮ ਕਰਵਾਏ ਗਏ ਹਨ ਜਿਸ ਨਾਲ ਇਨ੍ਹਾਂ ਸਕੂਲਾਂ ਦੀ ਦਿੱਖ ਵਿਚ ਵੱਡਾ ਸੁਧਾਰ ਆਇਆ ਹੈ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਰਕਾਰੀ ਹਾਈ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸਕਰੂਲੀ ਵਿਖੇ 15.63 ਲੱਖ ਰੁਪਏ ਦੀ ਲਾਗਤ ਅਤੇ ਸਰਕਾਰੀ ਹਾਈ ਸਕੂਲ ਡਗਾਮ ਵਿਖੇ ਕਰੀਬ 12.50 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਕੰਮਾਂ ਦੇ ਉਦਘਾਟਨ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਬਣਦੀ ਤਰਜ਼ੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿੱਖਿਆ ਮਾਡਲ ਬਾਕੀ ਸੂਬਿਆਂ ਲਈ ਵੀ ਮਿਸਾਲ ਬਣੇਗਾ। ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਬਜਟ ਵਿਚ 12 ਫੀਸਦੀ ਵਾਧੇ ਬਾਰੇ ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਸਕੂਲਾਂ ਦੇ ਸਰਬਪੱਖੀ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 4098 ਸਰਕਾਰੀ ਸਕੂਲਾਂ ਵਿਚ ਸੋਲਰ ਪੈਨਲ ਲਗਵਾ ਦਿੱਤੇ ਹਨ ਜਿਸ ਨਾਲ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਬਿਜਲੀ ਲਾਗਤਾਂ ਘੱਟਣਗੀਆਂ। ਉਨ੍ਹਾਂ ਕਿਹਾ ਕਿ ਇਹ ਯੋਜਨਾ ਹੋਰਨਾਂ ਸਕੂਲਾਂ ਵਿਚ ਵੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਸਕੀਮ ਤਹਿਤ 466 ਕਰੋੜ ਰੁਪਏ, ਮੁਫ਼ਤ ਕਿਤਾਬਾਂ ਲਈ 75 ਕਰੋੜ ਰੁਪਏ ਅਤੇ ਮੁਫਤ ਵਰਦੀਆ ਲਈ 35 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਚ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਣ।
ਇਸ ਮੌਕੇ ਸਰਪੰਚ ਦਲਜੀਤ ਸਿੰਘ, ਹੈਡਮਾਸਟਰ ਸੰਦੀਪ ਬਡੇਸਰੋਂ, ਪ੍ਰਿੰਸੀਪਲ ਕਿਰਪਾਲ ਸਿੰਘ, ਪ੍ਰਿੰਸੀਪਲ ਸੀਮਾ ਰਾਣੀ, ਗੁਰਦੇਵ ਸਿੰਘ, ਤੋਂ ਇਲਾਵਾ ਸਕੂਲ ਸਟਾਫ਼, ਵਿਦਿਆਰਥੀ, ਮਾਪੇ ਅਤੇ ਇਲਾਕੇ ਦੀਆਂ ਸ਼ਖਸੀਅਤਾਂ ਮੌਜੂਦ ਸਨ
