
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨੂੰ ਕੰਮਾਂ ‘ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 26 ਮਾਰਚ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿਚ ਮਿਸ਼ਨ ਅੰਮ੍ਰਿਤ ਸਰੋਵਰ ਤਹਿਤ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਐਨ.ਐਚ.ਏ.ਆਈ.ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਦੇ ਕੰਮਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਸਬੰਧਤ ਵਿਭਾਗ ਆਪਸੀ ਤਾਲਮੇਲ ਰਾਹੀਂ ਇਨ੍ਹਾਂ ਕੰਮਾਂ ਦੀ ਰਫ਼ਤਾਰ ਨੂੰ ਤੇਜ਼ ਕਰਨ ਤਾਂ ਜੋ ਮਿਸ਼ਨ ਤਹਿਤ ਲੋੜੀਂਦੇ ਜਲ ਤਲਾਬ ਬਣਾਏ ਜਾ ਸਕਣ। ਉਨ੍ਹਾਂ ਨੇ ਰਾਸ਼ਟਰੀ ਸ਼ਾਹਰਾਹ ਅਥਾਰਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮੇਂ-ਸਮੇਂ ਸਿਰ ਇਨ੍ਹਾਂ ਕਾਰਜਾਂ ਦੇ ਪੱਧਰ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਦੇਣ ਤਾਂ ਕਿ ਅੱਗੋਂ ਲੋੜੀਂਦੀ ਕਾਰਵਾਈ ਕਰਕੇ ਇਨ੍ਹਾਂ ਕਾਰਜਾਂ ਨੂੰ ਨਿਰਧਾਰਤ ਸਮੇਂ ਵਿਚ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸਰੋਵਰ ਦੇ ਦੂਜੇ ਪੜਾਅ ਤਹਿਤ ਢੁਕਵੀਆਂ ਥਾਵਾਂ ਦੀ ਸ਼ਨਾਖਤ ਕਰਕੇ ਸਬੰਧਤ ਧਿਰਾਂ ਨਾਲ ਰਾਬਤਾ ਕੀਤਾ ਜਾਵੇ ਤਾਂ ਜੋ ਕੰਮਾਂ ਦੀ ਸ਼ੁਰੂਆਤ ਨੂੰ ਅਮਲ ਵਿਚ ਲਿਆਂਦਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਤੋਂ ਸਥਾਪਤ ਜਲ ਤਲਾਬ ਨੂੰ ਮੁੜ ਸੁਰਜੀਤ ਕਰਨ ਅਤੇ ਲੋੜੀਂਦਾ ਸੁਧਾਰ ਕਰਨ ਲਈ ਰਾਸ਼ਟਰੀ ਜਲ ਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿਨ ਪਾਲਣਾਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ ਵਿਚ ਪ੍ਰਸਤਾਵਤ ਅੰਮ੍ਰਿਤ ਸਰੋਵਰ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਅਮਲੀ ਜਾਮਾ ਪਹਿਣਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਵੀ ਮੌਜੂਦ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅੰਮ੍ਰਿਤ ਸਰੋਵਰ ਮਿਸ਼ਨ ਤਹਿਤ ਸਾਂਝਾ ਜਲ ਤਲਾਬ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।
