
ਪੇਂਡੂ ਇਲਾਕੇ ਦੇ ਸਕੂਲਾਂ ਦੇ 100 ਮੀਟਰ ਦੇ ਘੇਰੇ ਅਤੇ ਸ਼ਹਿਰ ਦੇ ਸਕੂਲਾਂ ਦੇ 50 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਤਰਾਂ ਦੀ ਐਨਰਜੀ ਡਰਿੰਕ ਨਹੀਂ ਬੇਚੀ ਜਾ ਸਕਦੀ

(TTT) ਹੁਸ਼ਿਆਰਪੁਰ 06 ਮਈ 2025 ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ ਸਿੰਘ ਆਈਏਐਸ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਹੁਕਮਾਂ ਅਤੇ ਜ਼ਿਲਾ ਸਿਹਤ ਅਫ਼ਸਰ ਦਾ ਜਤਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਲੋਕਾਂ ਨੂੰ ਜਾਗਰੂਕ ਕਰਨ ਦੇ ਸਾਰਥਕ ਯਤਨ ਕੀਤੇ ਜਾਂਦੇ ਹਨ। ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਫੂਡ ਕਮਿਸ਼ਨਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸੇਫਟੀ ਅਫਸਰ ਸ੍ਰੀ ਵਿਵੇਕ ਕੁਮਾਰ ਨੇ ਆਪਣੀ ਟੀਮ ਨਾਲ ਸ਼ਹਿਰ ਦੇ ਸਕੂਲਾਂ ਦੇ ਇਰਦ ਗਿਰਦ ਚੈਕਿੰਗ ਕੀਤੀ।
ਇਸ ਸੰਬੰਧੀ ਗੱਲਬਾਤ ਕਰਦਿਆਂ ਵਿਵੇਕ ਕੁਮਾਰ ਨੇ ਦੱਸਿਆ ਕਿ ਸਰਕਾਰ ਵਲੋਂ ਪੇਂਡੂ ਖੇਤਰਾਂ ਵਿੱਚ 100 ਮੀਟਰ ਅਤੇ ਸ਼ਹਿਰੀ ਖੇਤਰਾਂ ਵਿੱਚ 50 ਮੀਟਰ ਦੇ ਘੇਰੇ ਵਿੱਚ ਸਕੂਲਾਂ ਦੀਆਂ ਕੰਟੀਨਾਂ/ਟੱਕ ਦੁਕਾਨਾਂ/ਦੁਕਾਨਾਂ ਜਾਂ ਅਦਾਰਿਆਂ ਵਿੱਚ ਬੱਚਿਆਂ ਨੂੰ ਕਿਸੇ ਵੀ ਤਰਾਂ ਦੀ ਸਟਿੰਗ ਵਗੈਰਾ ਜਾਂ ਕੋਈ ਹੋਰ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਉਹਨਾਂ ਵਿਕਰੇਤਾਵਾਂ ਨੂੰ ਇਹਨਾਂ ਹੁਕਮਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਹਨਾ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਵਿਕਰੇਤਾਵਾਂ ਨੂੰ ਐੱਫਐਸਐਸਏਆਈ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਸਾਫ ਸੁਥਰਾ ਭੋਜਨ ਹੀ ਮੁਹੱਈਆ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਇਸ ਮੌਕੇ ਐਲਟੀ ਰਾਜਵੀਰ ਕੌਰ ਅਤੇ ਡਰਾਈਵਰ ਅਰਵਿੰਦਰ ਸਿੰਘ ਵੀ ਮੌਜੂਦ ਸਨ।

