ਬਠਿੰਡਾ ਏਅਰਪੋਰਟ ‘ਤੇ ਅੰਤਰਰਾਸ਼ਟਰੀ ਹਵਾਈ ਸੇਵਾ ਸ਼ੁਰੂ ਕਰਣ ਦੀ ਮੰਗ ਨੇ ਫੜਿਆ ਜ਼ੋਰ
ਮੈਲਬੌਰਨ (TTT)- ਨਿੱਤ ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਦਿੱਲੀ ਤੋਂ ਪੰਜਾਬ ਆਉਣ ਜਾਣ ਦੌਰਾਨ ਹੁੰਦੀ ਖੱਜਲ ਖੁਆਰੀ ਤੋ ਨਿਜਾਤ ਪਾਉਣ ਲਈ ਬਠਿੰਡਾ ਸ਼ਹਿਰ ਤੋਂ ਅੰਤਰਰਾਸ਼ਟਰੀ ਹਵਾਈ ਸੇਵਾ ਚਾਲੂ ਕਰਨ ਦੀ ਮੰਗ ਉੱਠ ਰਹੀ ਹੈ। ਬੀਤੇ ਦਿਨੀ ਦਿੱਲੀ ਤੋਂ ਪੰਜਾਬ ਆ ਰਹੇ ਇੱਕ ਬਜ਼ੁਰਗ ਜੋੜੇ ਨਾਲ ਹੋਈ ਲੁੱਟ ਖਸੁਟ ਦੀ ਘਟਨਾ ਨਾਲ ਪ੍ਰਵਾਸੀਆਂ ਦੀ ਸੁਰੱਖਿਆ ਬਾਰੇ ਮੁੜ ਸਵਾਲ ਖੜੇ ਹੋ ਗਏ ਹਨ। ਪੰਜਾਬ ਦੇ ਤਕਰੀਬਨ ਹਰ ਪਿੰਡ-ਸ਼ਹਿਰ ‘ਚੋਂ ਇਸ ਸਮੇਂ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਬੈਠੇ ਹਨ ਤੇ ਜਦੋਂ ਉਹ ਪੰਜਾਬ ਵਾਪਸ ਜਾਂਦੇ ਹਨ ਤਾਂ ਜ਼ਿਆਦਾਤਰ ਲੋਕਾਂ ਨੂੰ ਵਾਇਆ ਦਿੱਲੀ ਹੋ ਕੇ ਜਾਣਾ ਪੈਂਦਾ ਹੈ। ਪਰ ਜੇਕਰ ਬਦਕਿਸਮਤੀ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸਦਾ ਅਸਰ ਸਾਰੇ ਪ੍ਰਵਾਸੀਆਂ ‘ਤੇ ਪੈਂਦਾ ਹੈ। ਮੈਲਬੌਰਨ ਵਸਨੀਕ ਗਿੰਨੀ ਸਾਗੂ, ਹਰਮੰਦਰ ਕੰਗ, ਸੁਲਤਾਨ ਢਿੱਲੋਂ, ਮਨਿੰਦਰ ਬਰਾੜ, ਵਿੱਕੀ ਸ਼ਰਮਾ ਤੇ ਹੋਰਨਾਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬਠਿੰਡਾ ਏਅਰਪੋਰਟ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਹੈ ਤਾਂ ਕਿ ਦਹਾਕਿਆਂ ਤੋਂ ਹੋ ਰਹੀ ਮਾਲਵੇ ਦੇ ਵਸਨੀਕਾਂ ਦੀ ਖੱਜਲਖੁਆਰੀ ਨੂੰ ਰੋਕ ਲਾਈ ਜਾ ਸਕੇ। ਇਸ ਸਮੇਂ ਅਲਾਇੰਸ ਏਅਰ ਦੀ ਲੋਕਲ ਫਲਾਈਟ ਦਿੱਲੀ-ਬਠਿੰਡਾ-ਦਿੱਲੀ ਹਫ਼਼ਤੇ ਦੇ ਚਾਰ ਦਿਨ (ਐਤਵਾਰ, ਸੋਮਵਾਰ, ਬੁੱਧਵਾਰ, ਸ਼ੁੱਕਰਵਾਰ) ਚੱਲ ਰਹੀ ਹੈ, ਜਿਹੜੀ ਸਿੱਧਾ ਦਿੱਲੀ ਦੇ ਟਰਮੀਨਲ ਤਿੰਨ ‘ਤੇ ਉੱਤਰਦੀ ਹੈ। ਇਸੇ ਟਰਮੀਨਲ ਤੋਂ ਹੀ ਵਿਦੇਸ਼ਾਂ ਨੂੰ ਸਿੱਧੀ ਫਲਾਈਟ ਮਿਲ ਜਾਂਦੀ ਹੈ ਤੇ ਟਰਮੀਨਲ ਬਦਲਣ ਦੀ ਜ਼ਰੂਰਤ ਵੀ ਨਹੀਂ। ਇਸੇ ਤਰ੍ਹਾਂ ਬਠਿੰਡੇ ਤੋਂ ਦਿੱਲੀ ਦਾ ਸਫਰ ਤਕਰੀਬਨ ਇਕ ਘੰਟੇ ਵਿੱਚ ਮੁਕਾਇਆ ਜਾ ਸਕਦਾ ਹੈ।