ਪੰਜਾਬ ‘ਚ 117 ਕੇਂਦਰਾਂ ‘ਤੇ ਹੋਵੇਗੀ ਵੋਟਾਂ ਦੀ ਗਿਣਤੀ, ਸੀਸੀਟੀਵੀ ਤੇ ਦੋਹਰੇ ਲਾਕ ਸਿਸਟਮ ਹੇਠ ਹੈ ਸਟਰਾਂਗ ਰੂਮਾਂ ਦੀ ਸੁਰੱਖਿਆ
(TTT) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ, 2024 ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਰਾਜਾਂ ਦੇ ਆਲ ਇੰਡੀਆ ਸਰਵਿਸਿਜ਼ ਤੇ ਸਿਵਲ ਸਰਵਿਸਿਜ਼ ਕਾਡਰ ਦੇ ਕੁੱਲ 64 ਕਾਊਂਟਿੰਗ ਅਬਜ਼ਰਵਰਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਨਿਰਪੱਖ, ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ।