
ਹੁਸ਼ਿਆਰਪੁਰ 25 ਮਾਰਚ 2025 ,ਸਿਹਤ ਵਿਭਾਗ ਵੱਲੋਂ ਰੂਟੀਨ ਟੀਕਾਕਰਨ ਸੰਬੰਧੀ ਐਮਓ ਹੈੰਡਬੁੱਕ ਟ੍ਰੇਨਿੰਗ ਦਾ ਆਯੋਜਨ ਅੱਜ ਦਫਤਰ ਸਿਵਲ ਸਰਜਨ ਵਿਖੇ ਕੀਤਾ ਗਿਆ।
ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ ਇਸ ਟ੍ਰੇਨਿੰਗ ਦੀ ਰਸਮੀ ਸ਼ੁਰੂਆਤ ਮਾਨਯੋਗ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਜੀ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਜਿਲਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ, ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ, ਜ਼ਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਯੂਐਨਡੀਪੀ ਪ੍ਰੋਗਰਾਮ ਅਫਸਰ ਰਜਿੰਦਰ ਮੌਰਿਆ, ਨਵਪ੍ਰੀਤ ਕੌਰ, ਦਿਲਜੀਤ ਕੌਰ ਅਤੇ ਵੱਖ-ਵੱਖ ਬਲਾਕਾਂ ਤੋਂ ਆਏ ਮੈਡੀਕਲ ਅਫਸਰ ਹਾਜ਼ਰ ਸਨ।
ਟ੍ਰੇਨਿੰਗ ਦੀ ਰਸਮੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਪਵਨ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਕਾਕਰਨ ਪ੍ਰਣਾਲੀ ਬਹੁਤ ਮਜਬੂਤ ਹੈ। ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋੰ ਬਚਾਉਣ ਵਾਸਤੇ ਟੀਕਾਕਰਨ ਬਹੁਤ ਜਰੂਰੀ ਹੈ ਜਿਸਦੀ ਹਰ ਬੱਚੇ ਤੱਕ ਪਹੁੰਚ ਹੋਣੀ ਚਾਹੀਦੀ ਹੈ। ਬੱਚਿਆਂ ਦੀ ਸਿਹਤਮੰਦ ਜਿੰਦਗੀ ਲਈ ਸਹੀ ਸਮੇਂ ਸੰਪੂਰਨ ਟੀਕਾਕਰਨ ਇੱਕ ਆਸ਼ੀਰਵਾਦ ਦੀ ਤਰਾਂ ਹੈ।
ਜ਼ਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਵੱਲੋਂ ਪਿੰਡ ਪੱਧਰ ਤੱਕ ਕੀਤੇ ਜਾਂਦੇ ਟੀਕਾਕਰਨ ਨੂੰ ਹੋਰ ਸੁਚਾਰੂ ਕਰਨ ਲਈ ਮੈਡੀਕਲ ਅਫਸਰਾਂ ਨੂੰ ਸੇਫ ਇੰਫੈਕਸ਼ਨ ਪ੍ਰੈਕਟਿਸਜ਼, ਕੋਲਡ ਚੇਨ ਮੈਨੇਜਮੈਂਟ, ਏਈਐਫਆਈ ਮੈਨੇਜਮੈਂਟ, ਵੀਪੀਡੀ ਸਰਵੀਲੈੰਸ ਅਤੇ ਬੱਚਿਆਂ ਦਾ ਟੀਕਾਕਰਣ ਆਨਲਾਈਨ ਕਰਨ ਲਈ ਯੂ-ਵਿਨ ਐਪ ਬਾਰੇ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟੀਕਾਕਰਨ ਸੰਬੰਧੀ ਗਤੀਵਿਧੀ ਵਿੱਚ ਪਾਰਟੀਸਿਪੈੰਟਸ ਵੱਲੋਂ ਹਿੱਸਾ ਲਿਆ ਗਿਆ। ਏਐਨਐਮ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਟੀਕਾਕਰਨ ਬਾਰੇ ਗਤੀਵਿਧੀ ਕੀਤੀ ਗਈ। ਕੋਲਡ ਚੇਨ ਮੈਨੇਜਮੈਂਟ ਸਬੰਧੀ ਟ੍ਰੇਨਿੰਗ ਦੌਰਾਨ ਯੂਐਨਡੀਪੀ ਪ੍ਰੋਗਰਾਮ ਅਫਸਰ ਰਜਿੰਦਰ ਮੌਰਿਆ, ਐਲਐਚਵੀ ਰਾਜਵਿੰਦਰ ਕੌਰ ਅਤੇ ਏਐਨਐਮ ਹਰਿੰਦਰ ਕੌਰ ਵੱਲੋਂ ਸਹਿਯੋਗ ਦਿੱਤਾ ਗਿਆ। ਬਾਇਓ ਵੇਸਟ ਮੈਨੇਜਮੈਂਟ ਬਾਰੇ ਪਾਰਟੀਸਿਪੈੰਟਸ ਵੱਲੋਂ ਕੀਤੀ ਗਈ ਗਤੀਵਿਧੀ ਦੌਰਾਨ ਏਐਚਏ ਡਾ. ਸ਼ਿਪਰਾ ਧੀਮਾਨ ਵੱਲੋਂ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਟ੍ਰੇਨਿੰਗ ਦੇ ਅੰਤ ਵਿੱਚ ਡਾ ਸੀਮਾ ਗਰਗ ਵੱਲੋਂ ਟ੍ਰੇਨਿੰਗ ਤੇ ਸਮੂਹ ਮੈਡੀਕਲ ਅਫਸਰਾਂ ਨੂੰ ਟੀਕਾਕਰਨ ਦੇ ਲਈ “5 ਸਾਲ 7 ਵਾਰ, ਭੁੱਲ ਨਾ ਜਾਣਾ ਇੱਕ ਵੀ ਵਾਰ” ਦਾ ਸੁਨੇਹਾ ਆਪਣੇ ਫੀਲਡ ਸਟਾਫ ਰਾਹੀਂ ਹਰ ਲਾਭਪਾਤਰੀ ਤੱਕ ਪਹੁੰਚਣ ਲਈ ਕਿਹਾ ਤਾਂ ਜੋ ਪੰਜ ਸਾਲ ਤੱਕ ਦੇ ਕਿਸੇ ਵੀ ਬੱਚੇ ਦਾ ਕੋਈ ਵੀ ਟੀਕਾ ਨਾ ਰਹਿ ਜਾਵੇ। ਉਹਨਾਂ ਇਹ ਵੀ ਕਿਹਾ ਕਿ 24 ਤੋਂ 29 ਮਾਰਚ ਤੱਕ ਵਿਸ਼ੇਸ਼ ਟੀਕਾਕਰਣ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸਦਾ ਮੰਤਵ 0 ਤੋਂ 5 ਸਾਲ ਤੱਕ ਦੇ ਉਨ੍ਹਾਂ ਬੱਚਿਆਂ ਨੂੰ ਕਵਰ ਕਰਨਾ ਹੈ, ਜਿਨ੍ਹਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਹੈ।
