
ਮੱਛਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ : ਡਾ.ਕੁਲਵੰਤ ਰਾਏ


(TTT)ਬਲਾਕ ਹਾਰਟਾ ਬਡਲਾ 24 ਅਪ੍ਰੈਲ, 2025 “ਵਿਸ਼ਵ ਮਲੇਰੀਆ ਦਿਵਸ” ਸੰਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਹਾਰਟਾ ਵਿਖੇ ਮੈਡੀਕਲ ਅਫਸਰ ਡਾ.ਕੁਲਵੰਤ ਰਾਏ ਦੀ ਅਗਵਾਈ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੋਕੇ ਸੰਬੋਧਨ ਕਰਦਿਆ ਡਾ.ਕੁਲਵੰਤ ਰਾਏ ਦੱਸਿਆ ਕਿ ਜਿਵੇਂ ਜਿਵੇਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਮੱਛਰਾਂ ਦੇ ਵੱਧਣ ਦਾ ਖਤਰਾ ਵੀ ਵੱਧ ਰਿਹਾ ਹੈ। ਉਨਾਂ ਕਿਹਾ ਕਿ ਮੱਛਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਜਿਨਾਂ ਵਿੱਚੋ ਮਲੇਰੀਆ ਇੱਕ ਹੈ।ਮਲੇਰੀਆਂ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜੇ ਸਾਫ ਪਾਣੀ (ਜਿਵੇਂ ਨਾਲੀਆਂ, ਛੱਪੜਾਂ, ਟੋਇਆਂ, ਛੱਤਾਂ ਤੇ ਪਏ ਟੁੱਟੇ ਬਰਤਨ,ਟਾਇਰ,ਗਮਲੇ ਆਦਿ) ਵਿੱਚ ਪੈਦਾ ਹੁੰਦਾ ਹੈ।ਇਸ ਲਈ ਜ਼ਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ ਅਤੇ ਨਾਲ ਹੀ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਮਲੇਰੀਆ ਦੇ ਲੱਛਣਾਂ ਸੰਬੰਧੀ ਉਨਾਂ ਦੱਸਿਆ ਕਿ ਆਮ ਸ਼ੁਰੂਆਤੀ ਲੱਛਣਾਂ ਵਿੱਚ ਠੰਢ ਅਤੇ ਕਾਂਬੇ ਨਾਲ ਬੁਖਾਰ, ਸਿਰ ਦਰਦ, ਬੁਖਾਰ ਉਤਰਨ ਤੋੰ ਬਾਅਦ ਥਕਾਵਟ ਤੇ ਕਮਜ਼ੋਰੀ ਅਤੇ ਸਰੀਰ ਨੂੰ ਪਸੀਨਾ ਆਉਣਾ ਸ਼ਾਮਲ ਹਨ।ਇਸ ਦੇ ਲੱਛਣ ਆਮ ਤੌਰ ‘ਤੇ ਲਾਗ ਵਾਲੇ ਮੱਛਰ ਦੇ ਕੱਟਣ ਦੇ 10-15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦੇ ਹਨ।ਉਕਤ ਲੱਛਣ ਦਿਖਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ, ਆਪਣੇ ਆਪ ਕੋਈ ਵੀ ਦਵਾ ਨਾ ਲਓ।ਮਲੇਰੀਆ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।
ਮੱਛਰਾਂ ਤੋਂ ਬਚਣ ਲਈ ਕੱਪੜੇ ਅਜਿਹੇ ਪਾਓ ਕਿ ਸਰੀਰ ਪੂਰੀ ਤਰ੍ਹਾ ਢੱਕਿਆ ਰਹੇ। ਰਾਤ ਨੂੰ ਸੋਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋ ਕੀਤੀ ਜਾਵੇ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।ਇਸ ਮੌਕੇ ਵਿਦਿਆਰਥੀਆਂ ਵਲੋਂ ਵਿਸ਼ੇ ਸੰਬੰਧੀ ਇੱਕ ਪੋਸਟਰ ਮੇਕਿੰਗ ਪ੍ਰਤੀਯੋਗਤਾ ਵੀ ਕਰਵਾਈ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵਲੋਂ ਪ੍ਰੰਸਸਾਂ ਪੱਤਰਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੀ.ਈ.ਈ ਅਮਨਦੀਪ ਸਿੰਘ,ਫਾਰਮੇਸੀ ਅਫਸਰ ਬਲਕਾਰ ਚੰਦ, ਮਲਟੀ ਪਰਪਜ ਮੇਲ ਹੈਲਥ ਵਰਕਰ ਨਵਦੀਪ ਸਿੰਘ, ਏ.ਅੇਨ.ਐਮ ਸੁਖਜਿੰਦਰ ਕੌਰ,ਐਲ.ਐਚ.ਵੀ ਗੁਰਮੀਤ ਕੌਰ ਅਤੇ ਸਕੂਲ ਅਧਿਆਪਕ ਗੁਰਿੰਦਰ ਸਿੰਘ, ਜਸਪ੍ਰੀਤ ਸੈਣੀ, ਸਤਪਾਲ ਸਿੰਘ, ਸੰਦੀਪ ਕੁਮਾਰ ਹਾਜ਼ਰ ਸਨ ।
