ਕਮਿਸ਼ਨਰ ਨਗਰ ਨਿਗਮ ਵੱਲੋਂ ਸਬਜ਼ੀ ਮੰਡੀ ਰਹੀਮਪੁਰ ਦੀ ਅਚਨਚੇਤ ਚੈਕਿੰਗ
ਰੇਹੜੀ-ਫੜੀ ਵਾਲਿਆਂ ਨੂੰ ਸਫ਼ਾਈ ਰੱਖਣ ਤੇ ਪਲਾਸਟਿਕ ਦੇ ਲਿਫਾਫ਼ੇ ਨਾ ਵਰਤਣ ਸਬੰਧੀ ਕੀਤੀ ਗਈ ਹਦਾਇਤ
ਹੁਸ਼ਿਆਰਪੁਰ, 22 ਅਗਸਤ:(TTT) ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਬਿਊਨਲ ਦੀਆਂ ਹਦਾਇਤਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਪਲਾਸਟਿਕ ਦੇ ਲਿਫਾਫ਼ਿਆਂ ਦੀ ਪੂਰਨ ਤੌਰ ‘ਤੇ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਨਾਲ ਸਬਜ਼ੀ ਮੰਡੀ ਰਹੀਮਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ, ਪਾਇਆ ਗਿਆ ਕਿ ਸਬਜ਼ੀ ਮੰਡੀ ਦੇ ਅੰਦਰ ਥਾਂ-ਥਾਂ ‘ਤੇ ਕਾਫੀ ਗੰਦਗੀ ਫੈਲੀ ਹੋਈ ਸੀ ਅਤੇ ਕਈ ਥਾਂਵਾ ‘ਤੇ ਕੂੜੇ ਦੇ ਢੇਰ ਵੀ ਲੱਗੇ ਪਾਏ ਗਏ ਅਤੇ ਭਾਰੀ ਮਾਤਰਾ
ਵਿਚ ਪਲਾਸਟਿਕ ਦੇ ਲਿਫਾਫ਼ਿਆਂ ਦੀ ਰੇਹੜੀ-ਫੜੀ ਵਾਲਿਆਂ ਵੱਲੋਂ ਵਰਤੋਂ ਕੀਤੀ ਪਾਈ ਗਈ।
ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਸਕੱਤਰ ਮਾਰਕੀਟ ਕਮੇਟੀ ਅਤੇ ਪ੍ਰਧਾਨ ਸਬਜ਼ੀ ਮੰਡੀ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਸਬਜ਼ੀ ਮੰਡੀ ਦੀ ਸਾਫ-ਸਫਾਈ ਦੀ ਮੌਜੂਦਾ ਸਥਿਤੀ ਦਿਖਾਈ ਗਈ ਅਤੇ ਸਖ਼ਤ ਹਦਾਇਤ ਕੀਤੀ ਗਈ ਕਿ ਸਬਜ਼ੀ ਮੰਡੀ ਅੰਦਰ ਮੁਕੰਮਲ ਤੌਰ ‘ਤੇ ਸਾਫ-ਸਫਾਈ ਰੱਖੀ ਜਾਵੇ, ਗਿੱਲਾ ਅਤੇ ਸੁੱਕਾ ਕੂੜਾ ਵੱਖ ਕੀਤਾ ਜਾਵੇ ਅਤੇ ਵੱਖ-ਵੱਖ ਕੀਤਾ ਕੂੜਾ ਹੀ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਦਿੱਤਾ ਜਾਵੇ। ਜਿਹੜੇ
ਪਲਾਸਟਿਕ ਦੇ ਲਿਫਾਫ਼ੇ ਧੜਾ-ਧੜ ਰੇਹੜੀ-ਫੜੀ ਵਾਲਿਆਂ ਵੱਲੋਂ ਵਰਤੇ ਜਾ ਰਹੇ ਹਨ ਉਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਅਤੇ ਇਨ੍ਹਾਂ ਦੀ ਥਾਂ ਤੇ ਜੂਟ ਜਾਂ ਕੱਪੜੇ ਦੇ ਲਿਫਾਫੇ/ਬੈਗ ਹੀ ਵਰਤੇ ਜਾਣ। ਸਵੱਛ ਭਾਰਤ ਮਿਸ਼ਨ ਅਤੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਬਿਊਨਲ ਦੀਆਂ ਸਫਾਈ/ਕੂੜੇ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਭਾਰੀ ਜ਼ੁਰਮਾਨਾ ਵੀ ਕੀਤਾ ਜਾਵੇਗਾ।