
ਨਸ਼ਾ ਮੁਕਤ ਪੰਜਾਬ ਦੀ ਦਿਸ਼ਾ ’ਚ ਇਕ ਮਜ਼ਬੂਤ ਕਦਮ

ਹੁਸ਼ਿਆਰਪੁਰ, 9 ਅਪ੍ਰੈਲ:(TTT) ਪੰਜਾਬ ਸਰਕਾਰ ਵਲੋਂ ਰਾਜ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਬਣਾਉਣ ਦੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਖੇ 7 ਅਪ੍ਰੈਲ ਤੋਂ ’ਸੀ.ਐਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਨਸ਼ੇ ਦੀ ਗ੍ਰਿਫਤ ਵਿਚ ਆਏ ਲੋਕਾਂ ਨੂੰ ਯੋਗ ਅਤੇ ਪ੍ਰਣਾਯਮ ਰਾਹੀਂ ਮਾਨਸਿਕ ਅਤੇ ਸਰੀਰਕ ਰੂਪ ਵਿਚ ਮਜ਼ਬੂਤ ਬਣਾਉਣਾ ਹੈ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਇਹ ਯੋਗ ਕਲਾਸਾਂ ਪ੍ਰਤੀ ਦਿਨ ਸਵੇਰੇ 7 ਵਜੇ ਤੋਂ 8 ਵਜੇ ਤੱਕ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਦੀ ਅਗਵਾਈ ਸਿਖਲਾਈ ਪ੍ਰਾਪਤ ਯੋਗ ਟਰੇਨਰ ਕੁਮਾਰ ਗੌਰਵ ਵਲੋ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯੋਗ ਨਾਲ ਨਾ ਕੇਵਲ ਸਰੀਰ ਸਿਹਤਮੰਦ ਰਹਿੰਦਾ ਹੈ ਬਲਕਿ ਮਾਨਸਿਕ ਰੂਪ ਨਾਲ ਵੀ ਸੰਤੁਲਨ ਬਣਿਆ ਰਹਿੰਦਾ ਹੈ ਜਿਸ ਨਾਲ ਨਸ਼ੇ ਦੀ ਆਦਤ ਤੋਂ ਬਾਹਰ ਨਿਕਲਣ ਵਿਚ ਸਹਾਇਤਾ ਮਿਲਦੀ ਹੈ।
ਮਾਧਵੀ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਯੋਜਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ। ਰਾਜ ਭਰ ਵਿਚ ’ਸੀ.ਐਮ. ਦੀ ਯੋਗਸ਼ਾਲਾ’ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿਚ ਨਿਰਧਾਰਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਵਰਤਮਾਨ ਵਿਚ ਹੁਸ਼ਿਆਰਪੁਰ ਵਿਚ ਕੁੱਲ 262 ਮੁਫ਼ਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਵਿਚ 46 ਫੀਸਦੀ ਯੋਗ ਟਰੇਨਰ ਸੇਵਾ ਦੇ ਰਹੇ ਹਨ। ਇਹ ਕਲਾਸਾਂ ਸਵੇਰੇ ਅਤੇ ਸ਼ਾਮ ਦੋਵੇਂ ਸਮੇਂ ਲਗਾਈਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਯੋਗ ਜੀਵਨ ਦਾ ਅਨਿੱਖੜਵਾਂ ਬਣਦਾ ਜਾ ਰਿਹਾ ਹੈ ਅਤੇ ਇਸ ਨੂੰ ਅਪਨਾ ਕੇ ਨਸ਼ਿਆਂ ਵਰਗੀ ਬੁਰਾਈ ਤੋਂ ਬਚਿਆ ਜਾ ਸਕਦਾ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਰਾਜ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਬਣਾਉਣ ਦੀ ਦਿਸ਼ਾ ਵਿਚ ਇਕ ਮਜ਼ਬੂਤ ਕਦਮ ਹੈ।
