ਭੀਮ ਨਗਰ ਇਲਾਕੇ ਵਿੱਚ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਅਭਿਆਨ
ਹੁਸ਼ਿਆਰਪੁਰ 12 ਸਤੰਬਰ 2024 (TTT) ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੋਂ ਪ੍ਰਦੂਸ਼ਿਤ ਪਾਣੀ ਕਾਰਨ ਹੋਈ ਡਾਇਰੀਆ ਆਊਟਬ੍ਰੇਕ ਅਤੇ ਪਾਏ ਗਏ ਹੈਜ਼ੇ ਦੇ ਕੇਸਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ ਸ਼ਹਿਰ ਦੇ ਭੀਮ ਨਗਰ ਇਲਾਕੇ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਹੈਜ਼ੇ ਦੇ ਫੈਲਣ ਨੂੰ ਰੋਕਣ ਲਈ ਸੁਰੱਖਿਆ ਉਪਾਵਾਂ ਬਾਰੇ ਜਾਗਰੂਕ ਕੀਤਾ ਗਿਆ। ਤੇਲ ਦਾ ਇਕ ਸੈਂਪਲ ਵੀ ਲਿਆ ਗਿਆ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਭੀਮ ਨਗਰ ਵਿੱਚ ਕਰਿਆਨੇ ਦੀਆਂ ਦੁਕਾਨਾਂ ਸਮੇਤ ਹਲਵਾਈ ਅਤੇ ਵੱਖ ਵੱਖ ਖਾਣ ਵਾਲੀਆਂ ਚੀਜਾਂ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਚੈੱਕ ਕੀਤੀਆਂ ਗਈਆਂ ਹੈ। ਉਹਨਾਂ ਨੂੰ ਸਾਫ ਸਫ਼ਾਈ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਡਾਇਰੀਆ ਅਤੇ ਹੈਜ਼ਾ ਖ਼ਿਲਾਫ਼ ਰੋਕਥਾਮ ਦੇ ਤਰੀਕਿਆਂ ਵਿੱਚ ਸਾਫ ਸਫਾਈ ਵਿੱਚ ਸੁਧਾਰ ਅਤੇ ਸਾਫ ਪਾਣੀ ਦੀ ਪਹੁੰਚ ਸ਼ਾਮਲ ਹੈ। ਇਹ ਜਿਆਦਾਤਰ ਅਸੁਰੱਖਿਅਤ ਪਾਣੀ ਅਤੇ ਅਸੁਰੱਖਿਅਤ ਭੋਜਨ ਦੁਆਰਾ ਫੈਲਦਾ ਹੈ। ਇਸ ਲਈ ਡਾਇਰੀਆ ਅਤੇ ਹੈਜਾ ਤੋਂ ਬਚਣ ਲਈ ਸਭ ਤੋਂ ਪਹਿਲਾਂ ਬਾਹਰ ਦਾ ਭੋਜਨ ਇਸਤੇਮਾਲ ਨਾ ਕੀਤਾ ਜਾਵੇ ਅਤੇ ਪਾਣੀ ਉਬਾਲ ਕੇ ਹੀ ਪੀਤਾ ਜਾਵੇ।ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਫ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਤਾਂ ਜੋ ਹੱਥਾਂ ਤੇ ਲਗੇ ਕਿਟਾਣੂ ਭੋਜਨ ਖਾਣ ਲੱਗਿਆਂ ਪੇਟ ਅੰਦਰ ਨਾ ਜਾਣ। ਜੇਕਰ ਅਸੀਂ ਆਪਣੇ ਹੱਥਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਹਾਂ ਤਾਂ ਅੱਧੀਆਂ ਬਿਮਾਰੀਆਂ ਤੋਂ ਅਸੀਂ ਛੁਟਾਕਰਾ ਪਾ ਸਕਦੇ ਹਾਂ।
ਉਹਨਾਂ ਦੱਸਿਆ ਕਿ ਇਸ ਦੌਰਾਨ ਹਲਵਾਈਆਂ ਨੂੰ ਸਾਫ ਸਫ਼ਾਈ ਰੱਖਣ, ਏਪਰਨ, ਕੈਪ ਅਤੇ ਦਸਤਾਨੇ ਪਾਉਣ, ਵਰਕਰਾਂ ਦਾ ਮੈਡੀਕਲ ਕਰਵਾਉਣ, fssai ਦੁਆਰਾ ਪ੍ਰਵਾਨਿਤ ਰੰਗਾਂ ਦੀ ਵਰਤੋਂ ਕਰਨ ਦੀਆਂ ਹਿਦਾਇਤਾਂ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਫੂਡ ਸੇਫਟੀ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਟੀਮ ਵਿੱਚ ਸ਼ਾਮਿਲ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਤੇ ਅਭਿਨਵ ਕੁਮਾਰ ਅਤੇ ਟੀਮ ਦੇ ਹੋਰ ਮੈਂਬਰ ਸ਼ਾਮਿਲ ਸਨ।