ਕੈਬਨਿਟ ਮੰਤਰੀ ਜਿੰਪਾ ਨੇ ਈ.ਐਸ.ਆਈ ਹਸਪਤਾਲ ਪਹੁੰਚ ਕੇ ਡਾਇਰਿਆ ਦੇ ਮਰੀਜ਼ਾਂ ਦਾ ਪੁੱਛਿਆ ਹਾਲ
ਕਿਹਾ, ਭੀਮ ਨਗਰ ‘ਚ ਦੂਸ਼ਿਤ ਪਾਣੀ ਦੀ ਸਮਸਿਆ ਦਾ ਨਗਰ ਨਿਗਮ ਵੱਲੋਂ ਕਰਵਾ ਦਿੱਤਾ ਗਿਆ ਹੈ ਹੱਲ
ਇਲਾਕੇ ਦੇ ਲੋਕਾਂ ਦੀ ਸਿਹਤ ਸੁਵਿਧਾ ਨੂੰ ਯਕੀਨੀ ਬਣਾਈ ਰੱਖਣ ਲਈ ਸਿਹਤ ਵਿਭਾਗ ਵੱਲੋਂ ਲਗਾਇਆ ਗਿਆ ਹੈ ਮੈਡੀਕਲ ਕੈਂਪ
ਹੁਸ਼ਿਆਰਪੁਰ, 9 ਸਤੰਬਰ:(TTT) ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਈ.ਐਸ.ਆਈ ਹਸਪਤਾਲ ਹੁਸ਼ਿਆਰਪੁਰ ਦਾ ਦੌਰਾ ਕੀਤਾ ਅਤੇ ਉਥੇ ਦਾਖਲ ਡਾਇਰਿਆ ਦੇ 37 ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਇਹ ਸਾਰੇ ਮਰੀਜ ਮੁਹੱਲਾ ਭੀਮ ਨਗਰ ਦੇ ਵਾਸੀ ਹੈ, ਜਿਨ੍ਹਾਂ ਨੂੰ ਡਾਇਰਿਆ ਦੇ ਚੱਲਦੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਮਰੀਜ਼ਾਂ ਦੇ ਯੋਗ ਇਲਾਜ ਅਤੇ ਸੁਵਿਧਾਵਾਂ ਦੀ ਜਾਣਕਾਰੀ ਲੈਂਦਿਆਂ ਉਨ੍ਹਾਂ ਦੀ ਸਿਹਤ ਵਿੱਚ ਹੋ ਰਹੇ ਸੁਧਾਰ ‘ਤੇ ਤਸੱਲੀ ਪ੍ਰਗਟਾਈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਮਰੀਜ਼ਾਂ ਦੇ ਇਲਾਜ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ। ਹਸਪਤਾਲ ਦੇ ਐਸ.ਐਸ.ਓ ਦੇ ਨਾਲ-ਨਾਲ ਸਿਵਲ ਸਰਜਨ ਡਾ. ਪਵਨ ਕੁਮਾਰ ਖੁੱਦ ਇਲਾਜ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ਾਂ ਦਾ ਇਲਾਜ ਚੰਗੀ ਤਰ੍ਹਾਂ ਨਾਲ ਹੋ ਰਿਹਾ ਹੈ ਅਤੇ ਹਸਤਾਲ ਵੱਲੋਂ ਸਾਰੀਆਂ ਜ਼ਰੂਰੀ ਮੈਡੀਕਲ ਸੇਵਾਵਾਂ ਮੁਹੱਈਆਂ ਜਾ ਰਹੀਆਂ ਹਨ।
ਕੈਬਨਿ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਭੀਮ ਨਗਰ ਇਲਾਕੇ ਵਿਚ ਪਿਛਲੇ ਦਿਨਾਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਨਾਲ ਮਿਲਣ ਦੀ ਸਮੱਸਿਆ ਆਈ ਸੀ, ਜਿਸ ਨੂੰ ਨਿਗਮ ਅਧਿਕਾਰੀਆਂ ਵੱਲੋਂ ਤੁਰੰਤ ਠੀਕ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਭੀਮ ਨਗਰ ਵਿਚ ਮੈਡੀਕਲ ਕੈਂਪ ਲਗਾਇਆ ਗਿਆ ਹੈ, ਜਿਥੇ ਲੋਕਾਂ ਨੂੰ ਓ.ਆਰ.ਐਸ ਅਤੇ ਜਿੰਕ ਦੀ ਦਵਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਇਲਾਕੇ ਵਿਚ ਨਿਯਮਿਤ ਤੌਰ ‘ਤੇ ਨਿਗਰਾਨੀ ਬਣਾਏ ਰੱਖਣ, ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀ ਕੋਹੀ ਸਮੱਸਿਆ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਸਰਕਾਰ ਨਾਗਰਿਕਾਂ ਦੀ ਸਿਹਤ ਅਤੇ ਸਫਾਈ ਨੂੰ ਸਭ ਤੋਂ ਵੱਧ ਤਰਜ਼ੀਹ ਦਿੰਦੀ ਹੈ। ਉਨ੍ਹਾਂ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਲਾਕੇ ਵਿਚ ਸਾਫ-ਸਫਾਈ ਅਤੇ ਪਾਣੀ ਦੀ ਗੁਣਵੱਤਾ ‘ਤੇ ਵਿਸ਼ੇਸ਼ ਧਿਆਨ ਦੇਣ, ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਿਆ ਜਾ ਸਕੇ। ਉਨ੍ਹਾਂ ਭੀਰ ਨਗਰ ਦੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਜਾਣੂ ਹੈ ਅਤੇ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।ਉਨ੍ਹਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕਿਸੇ ਵੀ ਸਮੱਸਿਆ ਦੇ ਤੁਰੰਤ ਹੱਲ ਲਈ ਨਿਗਮ ਅਧਿਕਾਰੀਆਂ ਨਾਲ ਸੰਪਰਕ ਕਰਨ।ਇਸ ਮੌਕੇ ਮੇਅਰ ਸੁਰਿੰਦਰ ਕੁਮਾਰ , ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਸਿਵਲ ਸਰਜਨ ਡਾ. ਪਵਨ ਕੁਮਾਰ, ਕੌਂਸਲਰ ਮਨਜੀਤ ਕੌਰ, ਕੁਲਵਿੰਦਰ ਸਿੰਘ ਹੁੰਦਲ ਵੀ ਮੌਜੂਦ ਸਨ।