ਕੈਬਨਿਟ ਮੰਤਰੀ ਜਿੰਪਾ ਤੇ ਸੰਸਦ ਡਾ. ਰਾਜ ਕੁਮਾਰ ਨੇ ਸ਼ਹਿਰ ’ਚ ਸਫ਼ਾਈ ਮੁਹਿੰਮ ਦੀ ਕਰਵਾਈ ਸ਼ੁਰੂਆਤ
ਕਿਹਾ, ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਨੂੰ ਬਣਾਇਆ ਜਾ ਸਕਦਾ ਹੈ ਸਾਫ-ਸੁਥਰਾ
ਨਗਰ ਨਿਗਮ ਵਲੋਂ ਇਕ ਰੁੱਖ ਮਾਂ ਦੇ ਨਾਮ, ਵਾਲ ਪੇਟਿੰਗ ਤੇ ਮਨੁੱਖੀ ਚੇਨ ਬਣਾ ਕੇ ਸਫ਼ਾਈ ਕਰਨ ਵਰਗੇ ਪ੍ਰੋਗਰਾਮ ਕੀਤੇ ਗਏ ਆਯੋਜਿਤ
ਹੁਸ਼ਿਆਰਪੁਰ, 17 ਸਤੰਬਰ :(TTT) ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਸਵੱਛਤਾ ਹੀ ਸੇਵਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਜੋ ਕਿ 2 ਅਕਤੂਬਰ ਤੱਕ ਮਹਾਤਮਾ ਗਾਂਧੀ ਜੈਯੰਤੀ ਤੱਕ ਚੱਲੇਗੀ। ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਅਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਨਗਰ ਨਿਗਮ ਦਫ਼ਤਰ ਪਹੁੰਚ ਕੇ ਸਭ ਤੋਂ ਪਹਿਲਾਂ ਇਕ ਰੁੱਖ ਮਾਂ ਦੇ ਨਾਮ ਪ੍ਰੋਗਰਾਮ ਤਹਿਤ ਪੌਦੇ ਲਗਾਏ ਅਤੇ ਫਿਰ ਨਗਰ ਨਿਗਮ ਦੀ ਕੰਧ ’ਤੇ ਜਾਗਰੂਕਤਾ ਵਾਲ ਪੇਟਿੰਗ ਕੀਤੀ। ਇਸ ਉਪਰੰਤ ਉਨ੍ਹਾਂ ਵਲੋਂ ਸਾਂਝੇ ਤੌਰ ’ਤੇ ਭੰਗੀ ਚੋਅ ਵਿਚ ਪ੍ਰਤੀਕ ਰੂਪ ਵਿਚ ਸਫ਼ਾਈ ਕਰਕੇ ਇਸ ਅਭਿਆਨ ਦੀ ਸ਼ਹਿਰ ਵਿਚ ਸ਼ੁਰੂਆਤ ਕਰਵਾਈ ਗਈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਆਪਣੇ ਆਸ-ਪਾਸ ਅਤੇ ਸ਼ਹਿਰ ਵਿਚ ਸਫ਼ਾਈ ਬਣਾਏ ਰੱਖਣ।
ਭੰਗੀ ਚੋਅ ਵਿਚ ਸਫ਼ਾਈ ਅਭਿਆਨ ਦੌਰਾਨ ਕੈਬਨਿਟ ਮੰਤਰੀ ਜਿੰਪਾ ਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਬਿਨਾ ਲੋਕਾਂ ਦੇ ਸਹਿਯੋਗ ਨਾਲ ਕੋਈ ਵੀ ਅਭਿਆਨ ਸਫ਼ਲ ਨਹੀਂ ਹੋ ਸਕਦਾ ਅਤੇ ਸਵੱਛ ਭਾਰਤ ਅਭਿਆਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜੈਯੰਤੀ ਨੂੰ ਸਮਰਪਿਤ ਹੈ, ਇਸ ਲਈ ਸ਼ਹਿਰ ਵਾਸੀ ਇਨ੍ਹਾਂ 20 ਦਿਨਾਂ ਵਿਚ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦਾ ਪ੍ਰਣ ਲੈਣ ਅਤੇ ਇਹੀ ਰਾਸ਼ਟਰਪਿਤਾ ਨੂੰ ਸਾਡੀ ਸੱਚੀ ਸ਼ਰਧਾਂਜ਼ਲੀ ਹੋਵੇਗੀ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਸ ਅਭਿਆਨ ਵਿਚ ਸ਼ਹਿਰ ਦੇ ਸਾਰੇ ਵਰਗਾਂ ਦਾ ਸਹਿਯੋਗ ਮਿਲ ਰਿਹਾ ਹੈ। ਸਵੱਛਤਾ ’ਤੇ ਕੰਮ ਕਰਨ ਵਾਲੀਆਂ ਸੋਸਾਇਟੀਆਂ ਤੋਂ ਇਲਾਵਾ ਮੁਹੱਲਾ ਕਮੇਟੀਆਂ ਵਲੋਂ ਅਭਿਆਨ ਦਾ ਖੁੱਲ੍ਹ ਕੇ ਸਮਰੱਥਨ ਕੀਤਾ ਗਿਆ ਹੈ ਅਤੇ ਸਫ਼ਾਈ ਅਭਿਆਨ ਦੀ ਆਪਣੇ-ਆਪਣੇ ਖੇਤਰਾਂ ਵਿਚ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਨਾ ਕੇਵਲ ਸਾਡੇ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਂਦੀ ਹੈ, ਬਲਕਿ ਇਹ ਸਾਡੇ ਸਿਹਤਮੰਦ ਅਤੇ ਸਮੁੱਚੇ ਵਿਕਾਸ ਲਈ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਨਗਰ ਨਿਗਮ ਦੀ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਸ਼ਹਿਰ ਦੇ ਹਰ ਨਾਗਰਿਕ ਨੂੰ ਇਸ ਅਭਿਆਨ ਦਾ ਹਿੱਸਾ ਬਣਨਾ ਚਾਹੀਦਾ ਹੈ।
ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਨਗਰ ਨਿਗਮ ਵਲੋਂ ਇਨ੍ਹਾਂ 20 ਦਿਨਾਂ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਰੋਜ਼ਾਨਾ ਨਗਰ ਨਿਗਮ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਵਿਚ ਸਥਾਨਿਕ ਕੌਂਸਲਰ, ਨਗਰ ਨਗਮ ਦੇ ਅਧਿਕਾਰੀ, ਸਵੈਸੇਵੀ ਸੰਸਥਾਵਾਂ ਅਤੇ ਸਕੂਲੀ ਬੱਚੇ ਵੀ ਹਿੱਸਾ ਲੈਣਗੇ। ਪੂਰੇ ਪੰਦਰਵਾੜੇ ਦੌਰਾਨ ਸੜਕਾਂ ਦੀ ਸਫ਼ਾਈ, ਨਾਲੀਆਂ ਦੀ ਸਫ਼ਾਈ, ਕਚਰਾ ਪ੍ਰਬੰਧਨ ਅਤੇ ਪਲਾਸਟਿਕ ਦੀ ਵਰਤੋਂ ਵਿਚ ਕਮੀ ਲਿਆਉਦ ਲਈ ਜਾਗਰੂਕਤਾ ਅਭਿਆਨ ਚਲਾਏ ਜਾਣਗੇ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਤੋਂ ਇਲਾਵਾ ਕੌਂਸਲਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।