BSF ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਕੀਤਾ ਗਿਆ ਤਿਰੰਗਾ ਪੈਦਲ ਮਾਰਚ
ਦੀਨਾਨਗਰ (TTT) : ਸਰਹੱਦੀ ਖੇਤਰ ਅੰਦਰ ਬੀ. ਓ. ਪੀ. ਆਦੀਆ ਦੇ ਕੰਪਨੀ ਕਮਾਂਡਰ ਮਨੋਜ ਸਿੰਘ ਛਿਲਵਾਲ, ਸਹਾਇਕ ਕਮਾਂਡੈਂਟ ਅਤੇ ਇੰਸਪੈਕਟਰ ਆਜ਼ਾਦ ਖਾਨ ਅਤੇ 58 ਬਟਾਲੀਅਨ ਸੀ. ਐੱਸ. ਯੂ., ਮਾਧੋਪੁਰ ਪੰਜਾਬ ਦੇ ਜਵਾਨਾਂ ਵੱਲੋਂ 15 ਅਗਸਤ ਨੂੰ ਮੁੱਖ ਰੱਖਦੇ ਹੋਏ ਸਰਹੱਦੀ ਖੇਤਰ ਦੇ ਸਕੂਲਾਂ ਦੇ ਬੱਚਿਆਂ ਨਾਲ ਮਿਲ ਕੇ ਸਰਹੱਦੀ ਖੇਤਰ ਅੰਦਰ ਤਿਰੰਗੇ ਨਾਲ ਪੈਦਲ ਮਾਰਚ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਦੀ ਲੜੀ ਵਿੱਚ ਇਸ ਪ੍ਰੋਗਰਾਮ ਦੌਰਾਨ ਤਿਰੰਗੇ ਦੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਫ਼ੌਜੀਆਂ ਨੂੰ ਜੋੜਨ ਦੀ ਮੁਹਿੰਮ ਵਜੋਂ ਸਰਹੱਦੀ ਚੌਂਕੀ ਦੇ ਜਵਾਨਾਂ ਅਤੇ ਸਕੂਲੀ ਬੱਚਿਆਂ ਨੇ ਤਿਰੰਗੇ ਝੰਡੇ ਲੈ ਕੇ ਇੱਕ ਵਿਸ਼ਾਲ ਤਿਰੰਗਾ ਪੈਦਲ ਮਾਰਚ ਕੱਢਿਆ ਗਿਆ। ਇਹ ਰੂਟ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਪਿੰਡ ਆਦੀਆ ਵਿਖੇ ਖ਼ਤਮ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਤਾੜੀਆਂ ਮਾਰ ਕੇ ‘ਭਾਰਤ ਮਾਤਾ ਦੀ ਜੈ’, ‘ਦੇਸ਼ ਕੀ ਰਕਸ਼ਾ ਹਮ ਕਰੇਗਾ ਹਮ ਕਰੇਗਾ’ ਦੇ ਨਾਅਰੇ ਲਗਾਏ ਅਤੇ ਬੱਚਿਆਂ ਅਤੇ ਫ਼ੌਜੀਆਂ ਦਾ ਹੌਂਸਲਾ ਵਧਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬੀ. ਐੱਸ. ਐੱਫ. ਦੇ ਜਵਾਨ ਹਾਜ਼ਰ ਸਨ।