ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਪੌਸ਼ਟਿਕ ਖੁਰਾਕ ਹੈ: ਡਾ ਰੋਹਿਤ ਬਰੂਟਾ
ਹੁਸ਼ਿਆਰਪੁਰ 7 ਅਗਸਤ 2024(TTT) ਸਿਹਤ ਵਿਭਾਗ ਪੰਜਾਬ ਅਤੇ ਜ਼ਿਲਾ ਟੀਕਾਕਰਣ ਡਾ ਸੀਮਾ ਗਰਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ “ਕਲੀਅਰ ਦਾ ਗੈਪ”ਥੀਮ ਤਹਿਤ “ਵਿਸ਼ਵ ਸਤਨਪਾਨ ਹਫਤੇ” ਦੇ ਸੰਬੰਧ ਵਿੱਚ ਆਮ ਆਦਮੀ ਕਲੀਨਿਕ ਨਹਿਰ ਕਾਲੋਨੀ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾ ਰੋਹਿਤ ਬਰੂਟਾ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ , ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ, ਜ਼ਿਲਾ ਬੀਸੀਸੀ ਕੁਆਰਡੀਨੇਟਰ ਅਮਨਦੀਪ ਸਿੰਘ ਹਾਜ਼ਰ ਸਨ। ਹਾਜ਼ਰ ਮਾਵਾਂ ਨੂੰ ਸਤਨਪਾਨ ਸੰਬੰਧੀ ਜਾਗਰੂਕ ਕਰਦਿਆਂ ਡਾ.ਰੋਹਿਤ ਬਰੂਟਾ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਪੌਸ਼ਟਿਕ ਖੁਰਾਕ ਹੈ, ਜਿਸ ਵਿਚ ਸ਼ਰੀਰ ਲਈ ਲੋੜੀਂਦੇ ਸਾਰੇ ਤੱਤ ਮੌਜੂਦ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕਿਸੀ ਵੀ ਕਿਸਮ ਦੀ ਗੁੜਤੀ ਬੱਚੇ ਲਈ ਹਾਨੀਕਾਰਕ ਹੁੰਦੀ ਹੈ। ਜਣੇਪੇ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਕੁਦਰਤ ਵਲੋਂ ਬਖਸ਼ੀ ਹੋਈ ਨਿਆਮਤ ਹੈ, ਜਿਸ ਦਾ ਕੋਈ ਮੇਲ ਨਹੀਂ ਹੈ। ਉਨ੍ਹਾਂ ਕਿਹਾ ਕਿ ਗਾਂ ਮੱਝ ਜਾਂ ਡੱਬੇ ਦਾ ਦੁੱਧ ਮਾਂ ਦੇ ਦੁੱਧ ਦਾ ਮੁਕਾਬਲਾ ਨਹੀਂ ਕਰ ਸਕਦੇ। ਜਣੇਪੇ ਤੋਂ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਨਮ ਸਮੇਂ ਘੱਟ ਭਾਰ ਵਾਲੇ ਬੱਚੇ ਅਤੇ ਸਮੇੰ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਲਈ ਮਾਂ ਦਾ ਦੁੱਧ ਅਤੀ ਉੱਤਮ ਹੁੰਦਾ ਹੈ। ਡਬਲਯੂ.ਐਚ.ਓ. ਵੱਲੋਂ ਕੀਤੇ ਸਰਵੇ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੱਸਿਆ ਕਿ ਜਨਮ ਤੋਂ ਇੱਕ ਘੰਟੇ ਦੇ ਅੰਦਰ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਪ੍ਰਤੀਸ਼ਤ ਅਜੇ ਵੀ 60% ਹੈ ਜੋ ਕਿ ਵਿਚਾਰਨਯੋਗ ਗੱਲ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਗਰਭਕਾਲ ਦੌਰਾਨ ਹੀ ਬ੍ਰੈਸਟ ਫੀਡਿੰਗ ਲਈ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚਿਆਂ ਨੂੰ ਨਿਮੋਨੀਆ, ਦਸਤ, ਅਸਥਮਾ ਅਤੇ ਛਾਤੀ ਦੀ ਇਨਫੈਕਸ਼ਨ ਵਰਗੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉੰਦਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਬਾਲਾਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਛਾਤੀ, ਬੱਚੇਦਾਨੀ ਅਤੇ ਅੰਡੇਦਾਨੀ ਦੇ ਕੈਂਸਰ ਤੋਂ ਸੁਰੱਖਿਅਤ ਰਹਿੰਦੀਆਂ ਹਨ ਅਤੇ ਗਰਭ ਧਾਰਨ ਵੀ ਤੋਂ ਵੀ ਲੰਮਾ ਸਮਾਂ ਬਚਾਅ ਰਹਿੰਦਾ ਹੈ। ਬੱਚਿਆਂ ਨੂੰ ਛੇ ਮਹੀਨੇ ਤੱਕ ਸਿਰਫ ਤੇ ਸਿਰਫ ਮਾਂ ਦਾ ਹੀ ਦੁੱਧ ਦਿੱਤਾ ਜਾਣਾ ਜਰੂਰੀ ਹੈ। ਬੱਚਿਆਂ ਨੂੰ ਛੇ ਮਹੀਨੇ ਤੋਂ ਬਾਅਦ ਹੀ ਓਪਰੀ ਖੁਰਾਕ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੋਤਲ ਨਾਲ ਬੱਚੇ ਨੂੰ ਦੁੱਧ ਪਿਲਾਉਣ ਨਾਲ ਇਨਫੈਕਸ਼ਨ ਦਾ ਖਤਰਾ ਹੁੰਦਾ। ਹਾਜ਼ਰ ਮਾਵਾਂ ਨੂੰ ਬ੍ਰੈਸਟ ਫੀਡਿੰਗ ਸੰਬੰਧੀ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ। ਇਸ ਮੌਕੇ ਏਐਨਐਮ ਪਰਮਜੀਤ ਕੌਰ, ਗੁਰਵਿੰਦਰ ਕੌਰ, ਫਾਰਮਾਸਿਸਟ ਦੀਪਕ ਕੁਮਾਰ ਅਤੇ ਕਲੀਨਿਕਲ ਅਸਿਸਟੈਂਟ ਦੀਪਿਕਾ ਕੁਮਾਰੀ ਹਾਜ਼ਰ ਸਨ। https://youtu.be/1kwqll6UkJE?si=zNi9z–OpY7WD_e5