ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ‘ਸਾਈਬਰ ਅਪਰਾਧੀਆਂ ਤੋਂ ਸਾਵਧਾਨ’ ਵਿਸ਼ੇ ‘ਤੇ ਕਰਵਾਇਆ ਲੈਕਚਰ।
ਹੁਸ਼ਿਆਰਪੁਰ 16 ਮਈ (ਬਜਰੰਗੀ ਪਾਂਡੇ):ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ ਅਧੀਨ ਆਈ.ਕਿਉ.ਏ.ਸੀ ਦੇ ਸਹਿਯੋਗ ਨਾਲ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਰਾਧਿਕਾ ਰਤਨ ਵੱਲੋਂ ‘ਸਾਈਬਰ ਅਪਰਾਧੀਆਂ ਤੋਂ ਸਾਵਧਾਨ’ ਵਿਸ਼ੇ ‘ਤੇ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਬ ਇੰਸਪੈਕਟਰ ਸੁਭਾਸ਼ ਭਗਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਈਬਰ ਅਪਰਾਧ ਵਿੱਚ ਅਪਰਾਧਿਕ ਗਤੀਵਿਧੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਿਲ ਹੁੰਦੀ ਹੈ ਜੋ ਡਿਜੀਟਲ ਡਿਵਾਈਸਾਂ ਜਾਂ ਨੈੱਟਵਰਕਾਂ ਦੀ ਵਰਤੋਂ ਕਰਕੇ ਕੀਤੀਆਂ ਜਾਂਦੀਆਂ ਹਨ। ਇਹਨਾਂ ਅਪਰਾਧਾਂ ਵਿੱਚ ਧੋਖਾਧੜੀ, ਪਛਾਣ ਦੀ ਚੋਰੀ, ਡੇਟਾ ਦੀ ਉਲੰਘਣਾ, ਕੰਪਿਊਟਰ ਵਾਇਰਸ, ਘੁਟਾਲੇ ਅਤੇ ਹੋਰ ਖਤਰਨਾਕ ਕਾਰਵਾਈਆਂ ਲਈ ਤਕਨਾਲੋਜੀ ਦੀ ਵਰਤੋਂ ਸ਼ਾਮਿਲ ਹੈ। ਉਹਨਾਂ ਦੁਆਰਾ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਸਾਈਬਰ ਅਪਰਾਧ ਕੀ ਹੈ? ਇਸ ਤੋਂ ਇਲਾਵਾ ਸਾਈਬਰ ਅਪਰਾਧ ਦਾ ਵਰਗੀਕਰਨ, ਸਾਈਬਰ ਅਪਰਾਧੀਆਂ ਦੀਆਂ ਸ਼੍ਰੇਣੀਆਂ ਅਤੇ ਸਾਈਬਰ ਖਤਰੇ ਤੋਂ ਕਿਵੇਂ ਬਚਾਅ ਕਰਨਾ ਹੈ ਬਾਰੇ ਦੱਸਿਆ ਗਿਆ। ਸਾਈਬਰ ਅਪਰਾਧ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਤੁਹਾਡੀਆਂ ਨਿੱਜੀ ਜਾਣਕਾਰੀਆਂ ਜਿਵੇਂ ਕਿ ਆਧਾਰ ਕਾਰਡ ਦੀ ਫੋਟੋ/ਨੰਬਰ, ਸੀਵੀਵੀ ਨੰਬਰ, ਕਿਸੇ ਅਣਜਾਣ ਵਿਅਕਤੀ ਨਾਲ ਜਾਂ ਕਿਸੇ ਅਣਜਾਣ ਵਿਅਕਤੀ ਤੋਂ ਕਾਲ ਕਰਨ ਵੇਲੇ OTP ਨੰਬਰ, ਬੈਂਕ ਖਾਤਾ ਨੰਬਰ, ਡੈਬਿਟ/ਕ੍ਰੈਡਿਟ ਸਾਂਝੀਆਂ ਨਾ ਕਰੋ। ਕਿਸੇ ਵੱਲੋਂ ਭੇਜੇ ਗਏ ਲਿੰਕ ਨੂੰ ਨਾ ਖੋਲ੍ਹੋ। ਸਾਈਬਰ ਠੱਗੀ ਹੋਣ ‘ਤੇ 1930 ਨੰਬਰ ‘ਤੇ ਤੁਰੰਤ ਕਾਲ ਕਰੋ। ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਈਬਰ ਅਪਰਾਧ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਰਾਧਿਕਾ ਰਤਨ ਨੇ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।