ਸਿਹਤ ਵਿਭਾਗ ਵੱਲੋ ਪੀ ਆਰ ਟੀ ਸੀ ਜਹਾਨਖੇਲਾਂ ਵਿਖੇ ਨਸ਼ਾਖੋਰੀ ਅਤੇ ਇਸ ਦੇ ਇਲਾਜ਼ ਬਾਰੇ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ
(TTT)ਹੁਸ਼ਿਆਰਪੁਰ 22 ਅਕਤੂਬਰ 2024 ,ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ, ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਅਤੇ ਡੀਐਮਸੀ ਡਾ.ਹਰਬੰਸ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੜ ਵਸੇਬਾ ਕੇਂਦਰ ਦੀ ਟੀਮ ਵੱਲੋਂ ਪੀ ਆਰ ਟੀ ਸੀ ਜਹਾਨਖੇਲਾਂ ਵਿਖੇ ਕਮਾਂਡੈਂਟ ਸ. ਜਗਮੋਹਨ ਸਿੰਘ ਪੀਪੀਐਸ ਦੀ ਯੋਗ ਅਗਵਾਈ ਵਿਚ ਡੀ ਐਸ ਪੀ ਇਨਡੋਰ ਸ੍ਰੀ ਕਮਲਜੀਤ ਰਾਇ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਜਾਗਰੂਕਤਾ ਵਰਕਸ਼ਾਪ ਵਿੱਚ ਸਿਹਤ ਵਿਭਾਗ ਵੱਲੋਂ ਮੈਡੀਕਲ ਅਫ਼ਸਰ ਡਾ ਸੌਰਵ ਕੁਮਾਰ ,ਡਾ ਮਹਿਮਾ, ਡਿਪਟੀ ਮਾਸ ਮੀਡੀਆ ਅਫਸਰ ਡਾ. ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਮੈਨੇਜਰ ਰਿਹੈਬਲੀਟੇਸ਼ਨ ਸੈੰਟਰ ਨਿਸ਼ਾ ਰਾਣੀ, ਕਾਊਂਸਲਰ ਰਾਜਵਿੰਦਰ ਕੌਰ, ਕਾਊਂਸਲਰ ਪ੍ਰਸ਼ਾਂਤ ਆਦੀਆ ਅਤੇ ਪੀਆਰਟੀਸੀ ਜਹਾਨਖੇਲਾਂ ਦੇ ਸਟਾਫ ਮੈਂਬਰ ਅਤੇ ਟ੍ਰੇਨੀ ਸ਼ਾਮਿਲ ਹੋਏ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ ਸੌਰਵ ਨੇ ਦੱਸਿਆ ਕਿ ਛੋਟੀ ਉਮਰ ’ਚ ਹੀ ਮਾੜੀ ਸੰਗਤ ਵਿਚ ਸ਼ਾਮਿਲ ਹੋ ਕੇ ਨਸ਼ੇ ਕਰਨ ਵਾਲੇ ਬੱਚਿਆਂ ਦਾ ਕਈ ਵਾਰ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਲੱਗਦਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੱਛਣ ਜਿਵੇਂ ਸਰੀਰਕ ਤੇ ਮਾਨਸਿਕ ਹਾਵ-ਭਾਵ, ਵਿਹਾਰ ’ਚ ਪਰਿਵਰਤਨ, ਚਿੜਚਿੜਾਪਣ, ਇਕੱਲੇ ਰਹਿਣਾ, ਜ਼ਿਆਦਾ ਖ਼ਰਚੀਲੇ ਹੋਣਾ ਜਾਂ ਪੈਸੇ ਚੋਰੀ ਕਰਨਾ, ਭੁੱਖ ਜਾਂ ਨੀਂਦ ’ਚ ਉਤਰਾਅ-ਚੜਾਅ ਜਾਂ ਬੇਚੈਨ ਰਹਿਣਾ ਵਰਗੇ ਲੱਛਣਾ ਨੂੰ ਭਲੀ-ਭਾਂਤ ਪਛਾਣਕੇ ਬਿਨਾਂ ਦੇਰੀ ਕੀਤੇ ਉਨ੍ਹਾਂ ਦਾ ਭਵਿੱਖ ਬਰਬਾਦ ਹੋਣ ਤੋਂ ਬਚਾਅ ਲੈਣ ਤੇ ਜਲਦੀ ਤੋਂ ਜਲਦੀ ਨਸ਼ਾ ਮੁਕਤੀ ਕੇਂਦਰ ਨਾਲ ਸੰਪਰਕ ਕਰਨ।ਡਾ ਮਹਿਮਾ ਨੇ ਕਿਹਾ ਕਿ ਨਸ਼ੇ ਦੀ ਆਦਤ ਨਾਲ ਵਿਅਕਤੀ ਦਾ ਵਿਹਾਰ ਆਮ ਨਹੀਂ ਰਹਿੰਦਾ ਇਸ ਲਈ ਉਸ ਨੂੰ ਇਕ ਬਿਮਾਰ ਦੇ ਤੌਰ ਤੇ ਵੇਖਣਾ ਚਾਹੀਦਾ ਹੈ ।ਜਿਵੇਂ ਕਿ ਕਿਹਾ ਜਾਂਦਾ ਹੈ ਕਿ ‘ਨਸ਼ੇ ਤੋਂ ਨਫ਼ਰਤ ਕਰੋ ਨਸ਼ੇ ਕਰਨ ਵਾਲੇ ਤੋਂ ਨਹੀ’। ਨਸ਼ੇ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗ਼ਲਤ ਹੈ। ਉਸ ਨੂੰ ਬਿਮਾਰ ਜਾਂ ਮਾਨਸਿਕ ਪੀੜਤ ਵਾਂਗ ਹੀ ਸਮਝਣਾ ਤੇ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।