
ਲੋਕਾਂ’ਚ ਜਾਗਰੂਕਤਾ ਦੀ ਘਾਟ ਹੋਣ ਕਾਰਨ ਇੱਕ ਨੰਨੀ ਜਾਨ ਥੈਲਾਸੇਮੀਆ ਦੀ ਸ਼ਿਕਾਰ ਹੋ ਜਾਂਦੀ ਹੈ :ਡਾ.ਬੈਂਸ

(TTT) ਬਲਾਕ ਹਾਰਟਾ ਬਡਲਾ 08 ਮਈ 2025 ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੂੀਤ ਸਿੰਘ ਬੈਂਸ ਦੀ ਅਗਵਾਈ ਹੇਠ ਸੀ.ਐਚ.ਸੀ ਹਾਰਟਾ ਬਡਲਾ ਵਿਖੇ “ਵਿਸ਼ਵ ਥੈਲੇਸੀਮੀਆ ਦਿਵਸ” ਮਨਾਇਆ ਗਿਆ।ਇਸ ਮੌਕੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਵਿੱਚ ਸੰਬੋਧਨ ਕਰਦਿਆ ਡਾ.ਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਹਰ ਸਾਲ 08 ਮਈ ਨੂੰ “ਥੈਲਾਸੀਮੀਆ ਦਿਵਸ” ਮਨਾਇਆ ਜਾਂਦਾ ਹੈ, ਜਿਸ ਦਾ ਮੱਕਸਦ ਆਮ ਲੋਕਾਂ ਨੂੰ ਥੈਲਾਸੇਮੀਆ ਦੀ ਬੀਮਾਰੀ ਬਾਰੇ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ “ਥੈਲਾਸੇਮੀਆ” ਸੰਬੰਧੀ ਲੋਕਾਂ ਵਿੱਚ ਬਹੁਤ ਘੱਟ ਜਾਗਰੂਕਤਾ ਹੈ ਜਿਸ ਕਾਰਨ ਜਾਣੇ-ਅਣਜਾਣੇ ਵਿੱਚ ਇੱਕ ਨੰਨੀ ਜਾਨ ਇਸ ਬੀਮਾਰੀ ਦੀ ਸ਼ਿਕਾਰ ਹੋ ਜਾਂਦੀ ਹੈ। ਸੋ ਲੋੜ ਹੈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ।
ਡਾ.ਬੈਂਸ ਨੇ ਦੱਸਿਆ ਕਿ “ਥੈਲਾਸੇਮੀਆ” ਇੱਕ ਅਜਿਹੀ ਬੀਮਾਰੀ ਹੈ ਜਿਸ ਨਾਲ ਨਵ ਜੰਮੇ ਬੱਚੇ ਵਿੱਚ ਖੂਨ ਬਣਨ ਦੀ ਪ੍ਰਕਿਰਯਾ ਬਹੁਤ ਘੱਟ ਹੁੰਦੀ ਹੈ ਤੇ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਇਸ ਗੰਭੀਰ ਜੈਨੇਟਿਕ ਰੋਗ ਨਾਲ ਵਿਅਕਤੀ ਵਿੱਚ ਖੂਨ ਦੇ ਨਾਲ ਨਾਲ ਸੇਲ ਬਣਾਉਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਤੇ ਹੌਲੀ – ਹੌਲੀ ਖਤਮ ਹੁੰਦੀ ਜਾਂਦੀ ਹੈ। ਇਸ ਰੋਗ ਦੇ ਮੁੱਖ ਲੱਛਣ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਦੇ ਸਰੀਰਕ ਵਿਕਾਸ ਵਿੱਚ ਦੇਰੀ ਹੁੰਦੀ ਹੈ,ਮਰੀਜ਼ ਬਹੁਤ ਕਮਜੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ,ਉਸ ਦੇ ਚਿਹਰੇ ਦੀ ਬਣਾਵਟ ਵਿੱਚ ਬਦਲਾਵ ਆ ਜਾਂਦਾ ਹੈ,ਚਮੜੀ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੇਸ਼ਾਬ ਗਾੜਾ ਆਉਂਦਾ ਹੈ।
ਇਲਾਜ ਸੰਬੰਧੀ ਉਨਾਂ ਦੱਸਿਆ ਕਿ ਸਰਕਾਰ ਦੁਆਰਾ ਥੈਲੇਸੀਮਿਆ ਦੇ ਮਰੀਜਾਂ ਨੂੰ ਸਰਕਾਰੀ ਬਲੱਡ ਬੈਂਕਾਂ ਤੋਂ ਮੁਫ਼ਤ ਖੂਨ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਤਹਿਤ ਸਰਕਾਰੀ ਹਸਪਤਾਲ ਵਿਚ ਪੈਦਾ ਹੋਏ 0-6 ਹਫਤੇ ਦੇ ਬੱਚਿਆਂ,ਆਂਗਨਵਾੜੀ ਸੈਂਟਰਾਂ ਵਿੱਚ ਦਰਜ 06 ਹਫਤੇ ਤੋਂ 06 ਸਾਲ ਦੇ ਬੱਚਿਆਂ, ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 06 ਤੋਂ 18 ਸਾਲ ਦੇ ਬੱਚਿਆਂ ਦਾ ਇਲਾਜ ਪੀਜੀਆਈ ਚੰਡੀਗੜ੍ਹ, ਸਰਕਾਰੀ ਮੈਡੀਕਲ ਕਾਲਜ ਅਤੇ ਜ਼ਿਲਾ ਪੱਧਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਆਰ.ਬੀ.ਐਸ.ਕੇ.ਪ੍ਰੋਗਰਾਮ ਅਧੀਨ ਸਾਰੇ 0-15 ਸਾਲ ਤੱਕ ਦੇ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਮੁਫਤ ਅਨੀਮਿਆ ਜਾਂਚ ਕਰਕੇ ਇਲਾਜ ਕੀਤਾ ਜਾਂਦਾ ਹੈ । ਉਨਾਂ ਦੱਸਿਆ ਇਸ ਰੋਗ ਦੀ ਜਾਂਚ ਮੈਡੀਕਲ ਕਾਲਜ ਅਮ੍ਰਿਤਸਰ, ਪਟਿਆਲਾ, ਫਰੀਦਕੋਟ, ਏਮਜ਼ ਬਠਿੰਡਾ ਅਤੇ ਸਰਕਾਰੀ ਹਸਪਤਾਲ ਲੁਧਿਆਨਾ , ਜਲੰਧਰ ,ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਉਪਲੱਬਧ ਹੈ ।

