
ਹੁਸ਼ਿਆਰਪੁਰ, ( TTT ):- ਅੱਜ ਇੱਥੇ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 119 ਵੱਲੋਂ 44ਵੇਂ ਨੈਸ਼ਨਲ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ (ਮੈਸੂਰ) ਤੋਂ 3 ਗੋਲਡ ਮੈਡਲ ਅਤੇ 2 ਬਰਾਊਨਜ਼ ਮੈਡਲ ਜਿੱਤ ਕੇ ਆਏ 74 ਸਾਲਾਂ ਦੇ ਇੰਜੀਨੀਅਰ ਐਸ.ਪੀ. ਸ਼ਰਮਾ ਦੇ ਹੁਸ਼ਿਆਰਪੁਰ ਪੁੱਜਣ ਤੇ ਇੱਕ ‘ਜੀ ਆਇਆ ਨੂੰ` ਪ੍ਰੋਗਰਾਮ ਦਾ ਆਯੋਜਨ ਸਥਾਨਕ ਹੋਟਲ ਸ਼ਿਰਾਜ ਰੀਜੇਂਸੀ ਵਿਖੇ ਕੀਤਾ ਗਿਆ।ਇਸ ਮੋਕੇ ਤੇ ਲੈਫਟੀਨੈਂਟ ਜਨਰਲ ਜੇ.ਐਸ. ਢਿੱਲੋ, ਐਲੀ ਅਸ਼ੋਕ ਪੁਰੀ ਇੰਟਰਨੈਸ਼ਨਲ ਡਾਇਰੈਕਟਰ ਅਤੇ ਐਲੀ ਐਡਵੋਕੇਟ ਐਸ.ਪੀ. ਰਾਣਾ, ਪਾਸਟ ਡਿਸਟ੍ਰਿਕਟ ਗਵਰਨਰ ਐਲੀ ਰਮੇਸ਼ ਕੁਮਾਰ ਅਤੇ ਡਿਸਟ੍ਰਿਕਟ ਗਵਰਨਰ ਐਲੀ ਵਿਵੇਕ ਸਾਹਨੀ ਵਿਸ਼ੇਸ਼ ਤੌਰ ਤੇ ਪੁੱਜੇ । ਇਸ ਸਾਰੇ ਪ੍ਰੋਗਰਾਮ ਦੇ ਸੰਚਾਲਕ ਡਾ. ਸੁਖਦੇਵ ਸਿੰਘ ਢਿੱਲੋ ਸਨ। ਇਸ ਮੌਕੇ ਤੇ ਡਾ. ਸੁਖਦੇਵ ਸਿੰਘ ਢਿੱਲੋ ਨੇ ਦੱਸਿਆ ਕਿ ਵੈਟਰਨ ਅਥਲੀਟ ਐਸ.ਪੀ. ਸ਼ਰਮਾ ਨੇ ਲੰਬੀ ਛਾਲ 3.87, ਉੱਚੀ ਛਾਲ 1.05 ਵਿੱਚ ਗੋਲਡ ਮੈਡਲ ਅਤੇ 100 ਮੀਟਰ 14.86 ਅਤੇ 200 ਮੀਟਰ ਦੌੜ 32.56 ਸੈਕਿੰਡ ਵਿੱਚ ਪੂਰੀ ਕਰਕੇ ਦੂਸਰਾ ਸਥਾਨ ਹਾਸਲ ਕੀਤਾ। ਉਨਾਂ ਦੱਸਿਆ ਕਿ 4 ਗੁਣਾ 100 ਮੀਟਰ ਰੇਸ ਵਿੱਚ ਉਹਨਾਂ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਹੁਸ਼ਿਆਰਪੁਰ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਰਿਟਾਇਰਡ ਲੈਫਟੀਨੈਂਟ ਜਨਰਲ ਜੇ.ਐਸ.ਢਿੱਲੋ ਨੇ 74 ਸਾਲ ਦੀ ਉਮਰ ਵਿੱਚ ਆਪਣੀ ਫਿਟਨੈਸ ਦਾ ਧਿਆਨ ਰੱਖਣ ਦੇ ਨਾਲ ਹੁਸ਼ਿਆਰਪੁਰ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਮੁਬਾਰਕਬਾਦ ਦਿੱਤੀ ਅਤੇ ਵੈਟਰਨ ਖੇਡਾਂ ਵਿੱਚ ਹੁਸ਼ਿਆਰਪੁਰ ਦੇ ਸੀਨੀਅਰ ਸਿਟੀਜਨਾਂ ਨੂੰ ਨਾਲ ਲੈ ਕੇ ਵੈਟਰਨ ਸੱਭਿਆਚਾਰ ਪੈਦਾ ਕਰਨ ਲਈ ਕਿਹਾ। ਐਲੀ ਰਮੇਸ਼ ਕੁਮਾਰ, ਐਲੀ ਵਿਵੇਕ ਸਾਹਨੀ ਤੇ ਐਲੀ ਐਡਵੋਕੇਟ ਐਸ.ਪੀ. ਰਾਣਾ ਦੇ ਉਪਰੰਤ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਸਾਲ 2025-26 ਦੇ ਇੰਟਰਨੈਸ਼ਨਲ ਡਾਇਰੈਕਟਰ ਐਲੀ ਅਸ਼ੋਕ ਪੁਰੀ ਨੇ 74 ਸਾਲ ਦੇ ਐਥਲੀਟ ਅਤੇ ਸਨ 2000 ਤੋਂ ਹੁਣ ਤੱਕ ਲਗਾਤਾਰ ਵੈਟਰਨ ਖੇਡਾਂ ਵਿੱਚ ਮੈਡਲ ਜਿੱਤਣ ਤੇ ਮੁਬਾਰਕਬਾਦ ਦਿਤੀ, ਉਨਾਂ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਐਸ.ਪੀ. ਸ਼ਰਮਾ ਜੀ ਅਲਾਇੰਸ ਕਲੱਬ ਦੇ ਸੁਪਰ ਸੀਨੀਅਰ ਸਿਟੀਜਨ ਦੇ ਸਨਮਾਨਿਤ ਮੈਂਬਰ ਹੋਣਗੇ । ਇਸ ਮੌਕੇ ਤੇ ਹਾਕੀ ਦੀ ਉੱਘੀ ਖਿਡਾਰਨ ਸ਼੍ਰੀਮਤੀ ਗੁਰਸ਼ਰਨ ਕੌਰ ਢਿੱਲੋ ਨੇ ਵੀ ਮੁੱਖ ਮਹਿਮਾਨ ਐਸ.ਪੀ. ਸ਼ਰਮਾ ਨੂੰ ਮੁਬਾਰਕਬਾਦ ਦਿਤੀ। ਇਸ ਉਪਰੰਤ ਵੈਟਰਨ ਅਥਲੀਟ ਐਸਪੀ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ।

