ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ
ਹੁਸ਼ਿਆਰਪੁਰ 30 ਅਗਸਤ 2024 (TTT)ਡੇਂਗੂ ਦੇ ਸੰਚਾਰ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਹੁਸ਼ਿਆਰਪੁਰ ਅਤੇ ਸਿਵਲ ਸਰਜਨ ਡਾ. ਪਵਨ ਸ਼ਗੋਤਰਾ ਵੱਲੋਂ ਡੇਂਗੂ ਤੋਂ ਬਚਾਓ ਅਤੇ ਰੋਕਥਾਮ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
■ ਡੇਂਗੂ ਦਾ ਮੱਛਰ ਘਰਾਂ ਵਿੱਚ ਤੇ ਘਰਾਂ ਦੇ ਆਲੇ ਦਵਾਲੇ ਆਰਟੀਫਿਸ਼ਲ ਕੰਟੇਨਰਾਂ ਜਿਵੇਂ ਕਿ ਕੂਲਰ, ਗਮਲੇ, ਟੁੱਟੇ-ਭੱਜੇ ਬਰਤਨਾਂ, ਟਾਇਰਾਂ, ਫਰਿੱਜ ਦੇ ਪਿਛਲੇ ਪਾਸੇ ਦੀ ਟ੍ਰੇਅ ,ਖੁੱਲ੍ਹੀਆਂ ਪਾਣੀ ਦੀਆਂ ਟੈਂਕੀਆਂ, ਬਿਨਾਂ ਢੱਕੇ ਹੋਏ ਜਮ੍ਹਾਂ ਕਰਕੇ ਰੱਖਿਆ ਹੋਇਆ ਪਾਣੀ, ਜਾਨਵਰਾਂ / ਪੰਛੀਆਂ ਨੂੰ ਪਾਣੀ ਪਿਲਾਉਣ ਵਾਲੇ ਬਰਤਨਾਂ ਆਦਿ ਵਿੱਚ ਇੱਕ ਹਫਤੇ ਵਿੱਚ ਪੈਦਾ ਹੋ ਸਕਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ।
■ ਇਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ-ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਉਲਟੀਆਂ, ਸਰੀਰ ਤੇ ਦਾਣੇ ਅਤੇ ਹਾਲਤ ਖਰਾਬ ਹੋਣ ਤੇ ਨੱਕ, ਮਸੂੜਿਆਂ, ਉਲਟੀ ਜਾਂ ਟੱਟੀ ਰਾਂਹੀਂ ਖੂਣ ਆਉਣਾ ਹੋ ਸਕਦੇ ਹਨ।
■ ਉਪਰੋਕਤ ਲੱਛਣ ਹੋਣ ਤੇ ਇਸ ਦੀ ਜਾਂਚ ਜਿਲਾ ਹਸਪਤਾਲ ਹੁਸ਼ਿਆਰਪੁਰ ਭੂੰਗਾ ਅਤੇ ਮੁਕੇਰੀਆਂ ਹਸਪਤਾਲ ਵਿੱਚ ਮੁਫਤ ਕਰਵਾ ਸਕਦੇ ਹੋ ਅਤੇ ਮੁਫਤ ਸੁਪੋਰਟਿਵ ਟ੍ਰੀਟਮੈਂਟ ਕਰਵਾ ਸਕਦੇ ਹੋ।
■ ਇਸ ਤੋਂ ਬਚਾਓ ਲਈ ਹੇਠ ਲਿਖਿਆਂ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ:-
◇ ਕੂਲਰਾਂ ਨੂੰ ਹਫਤੇ ਵਿੱਚ ਘੱਟੋ – ਘੱਟ ਇੱਕ ਵਾਰ ਖਾਲੀ ਕਰਕੇ, ਸਾਫ ਕਰਕੇ, ਸੁਕਾ ਕੇ ਅਗਲੇ ਦਿਨ ਪਾਣੀ ਭਰੋ।
ਛੱਤਾਂ ਤੇ ਲਗਾਈਆਂ ਟੈਕੀਆਂ ਦੇ ਢੱਕਣ ਚੰਗੀ ਤਰ੍ਹਾਂ ਲਗਾ ਕੇ ਰੱਖੋ।
◇ ਬੇਕਾਰ ਪਏ ਟਾਇਰਾਂ ਨੂੰ ਸ਼ੈਡ ਹੇਠਾਂ ਤਰਤੀਬ ਨਾਲ ਰੱਖ ਕੇ ਤਰਪਾਲ ਨਾਲ ਢੱਕ ਕੇ ਰੱਖੋ।
◇ ਟੁੱਟੇ ਭੱਜੇ ਸਮਾਨ, ਬਰਤਨਾਂ ਗਮਲਿਆਂ ਅਤੇ ਹੋਰ ਕੰਟੇਨਰਾਂ ਆਦਿ ਵਿੱਚ ਪਾਣੀ ਜਮਾਂ ਨਾ ਹੋਣ ਦਿਓ।
◇ ਸੌਣ ਵੇਲੇ ਮੱਛਰ ਦਾਨੀ ਦਾ ਪ੍ਰਯੋਗ ਕਰੋ।
◇ ਪੂਰੀਆਂ ਬਾਹਵਾਂ ਵਾਲੇ ਕੱਪੜੇ, ਪੂਰੀ ਲੰਬਾਈ ਦੀ ਪੈੰਟ, ਜਰਾਬਾਂ ਪਾ ਕੇ ਰੱਖੋ।
◇ ਬੱਚਿਆਂ ਅਤੇ ਗਰਭਵਤੀਆਂ ਨੂੰ ਖ਼ਾਸ ਤੌਰ ਤੇ ਮੱਛਰਾਂ ਤੋਂ ਬਚਾਅ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ।
◇ ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ ਦਾ ਇਸਤੇਮਾਲ ਕੀਤਾ ਜਾਵੇ ਅਤੇ ਜਾਲੀ ਵਾਲੇ ਖਿੜਕੀਆਂ ਦਰਵਾਜੇ ਲਗਾ ਕੇ ਰੱਖੇ ਜਾਣ।