Additional Deputy Commissioner Holds Meeting with Nodal Officers for Chabbewal By-Election | Polls on 13th November

Date:

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀ ਤਾਕੀਦ 13 ਨਵੰਬਰ ਨੂੰ ਪੈਣਗੀਆਂ ਵੋਟਾਂ, 23 ਨਵੰਬਰ ਨੂੰ ਹੋਵੇਗੀ ਗਿਣਤੀ
ਹੁਸ਼ਿਆਰਪੁਰ, 18 ਅਕਤੂਬਰ
(TTT) ਵਿਧਾਨ ਸਭਾ ਹਲਕਾ ਚੱਬੇਵਾਲ ਦੀ 13 ਨਵੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਰਿਟਰਨਿੰਗ ਅਫ਼ਸਰ ਰਾਹੁਲ ਚਾਬਾ ਨੇ ਚੋਣ ਪ੍ਰਕਿਰਿਆ ਲਈ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਤਾਕੀਦ ਕੀਤੀ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਨੋਡਲ ਅਧਿਕਾਰੀਆਂ ਨੂੰ ਚੋਣਾਂ ਨਾਲ ਸਬੰਧਤ ਤਿਆਰੀਆਂ ਅਤੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ ਤਾਂ ਜੋ ਸਾਰੀ ਚੋਣ ਪ੍ਰਕਿਰਿਆ ਨੂੰ ਤਰਤੀਬਬੱਧ ਢੰਗ ਨਾਲ ਅੰਤਿਮ ਰੂਪ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨੋਡਲ ਅਧਿਕਾਰੀ ਉਨ੍ਹਾਂ ਨੂੰ ਦਿੱਤੀਆਂ ਗਈਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ ਤਾਂ ਜੋ ਨਿਰਪੱਖ, ਪਾਰਦਰਸ਼ੀ ਅਤੇ ਆਜ਼ਾਦਾਨਾ ਢੰਗ ਨਾਲ ਚੋਣ ਕਰਵਾਈ ਜਾ ਸਕੇ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਨੋਡਲ ਅਧਿਕਾਰੀਆਂ ਦੀ ਦੇਖ-ਰੇਖ ਵਿਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਅਤੇ ਟੀਮਾਂ ਵਿਚ ਮੈਨਪਾਵਰ ਮੈਨੇਜਮੈਂਟ, ਈ.ਵੀ.ਐਮ/ਵੀ.ਵੀ.ਪੈਟ ਮੈਨੇਜਮੈਂਟ, ਟਰਾਂਸਪੋਰਟ ਮੈਨੇਜਮੈਂਟ, ਟਰੇਨਿੰਗ ਮੈਨੇਜਮੈਂਟ, ਮੈਟੀਰੀਅਲ ਮੈਨੇਜਮੈਂਟ, ਐਮ.ਸੀ.ਸੀ, ਖਰਚਾ ਕੰਟਰੋਲਰ, ਅਮਨ ਤੇ ਕਾਨੂੰਨ ਅਤੇ ਜ਼ਿਲ੍ਹਾ ਸੁਰੱਖਿਆ ਪਲਾਨ, ਬੈਲੇਟ ਪੇਪਰਾਂ ਦੀ ਛਪਾਈ, ਮੀਡੀਆ ਕਮਿਊਨੀਕੇਸ਼ਨ, ਕੰਪਿਊਟਰਰਾਈਜੇਸ਼ਨ, ਸਵੀਪ, ਹੈਲਪਲਾਈਨ ਅਤੇ ਸ਼ਿਕਾਇਤ ਨਿਵਾਰਨ ਅਤੇ ਕੰਟਰੋਲ ਰੂਮ, ਐਸ.ਐਮ.ਐਸ ਮੋਨੀਟਰਿੰਗ, ਵੈਬ ਕਾਸਟਿੰਗ, ਆਈ.ਸੀ.ਟੀ ਐਪਲੀਕੇਸ਼ਨਜ, ਵੋਟਰ ਹੈਲਪਲਾਈਨ, ਐਕਸਾਈਜ, ਰੋਜਾਨਾ ਰਿਪੋਰਟਿੰਗ, ਚੋਣ ਡਿਊਟੀ ’ਤੇ ਲੱਗੇ ਸਟਾਫ ਲਈ ਬੈਲੇਟ ਪੇਪਰ ਜਾਰੀ ਕਰਨ, ਸਿੰਗਲ ਵਿੰਡੋ, ਮੰਜੂਰੀ ਸੈਲ, ਮਾਈਕਰੋ ਆਬਜ਼ਰਵਰ, ਡਿਸਪੈਚ ਸੈਂਟਰ, ਸਟਰਾਂਗ ਰੂਮ, ਕਾਊਂਟਿੰਗ ਸੈਂਟਰ, ਕੇਂਦਰੀ ਅਰਧ ਸੈਨਿਕ ਬਲਾਂ ਨਾਲ ਤਾਲਮੇਲ, ਪੋਲਿੰਗ ਵੈਲਫੇਅਰ, ਪੀ.ਡਬਲਯੂ.ਡੀ, ਈ.ਟੀ.ਪੀ.ਬੀ.ਐਸ, ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ, ਵੀਡੀਓ ਕਾਨਫਰੰਸ, ਟੈਲੀਕਾਮ, ਇੰਟਰਨੈਟ, ਇਲੈਕਟੋਰਲ ਰੋਲ, ਸੀ-ਵਿਜਲ, ਇਨਕਮ ਟੈਕਸ, ਡਰੱਗ ਕੰਟਰੋਲਰ ਅਤੇ ਅਬਜ਼ਰਵਰਾਂ ਆਦਿ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਜਾਰੀ ਅਨੁਸਾਰ ਵੋਟਾਂ 13 ਨਵੰਬਰ 2024 ਨੂੰ ਪੈਣਗੀਆਂ ਅਤੇ 23 ਨਵੰਬਰ 2024 ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 25 ਅਕਤੂਬਰ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 30 ਅਕਤੂਬਰ 2024 ਹੈ। ਨਾਮਜ਼ਦਗੀਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦਫ਼ਤਰ ਵਿਚ ਨਿਰਧਾਰਿਤ ਦਿਨਾਂ ਦੌਰਾਨ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਈਆਂ ਜਾਣਗੀਆਂ। ਵਿਧਾਨ ਸਭਾ ਹਲਕਾ ਚੱਬੇਵਾਲ ਵਿਚ ਕੁੱਲ 205 ਪੋਲਿੰਗ ਸਟੇਸ਼ਨ ਹਨ ਅਤੇ ਵੋਟਰਾਂ ਦੀ ਗਿਣਤੀ 159141 ਹੈ, ਜਿਨ੍ਹਾਂ ਵਿਚ 83544 ਪੁਰਸ਼, 75593 ਮਹਿਲਾ, 4 ਟਰਾਂਸਜੈਂਡਰ, 21 ਐਨ.ਆਰ.ਆਈ ਅਤੇ 601 ਸਰਵਿਸ ਵੋਟਰ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ, ਐਸ.ਪੀ ਨਵਨੀਤ ਕੌਰ ਗਿੱਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਸਿਵਲ ਸਰਜਨ ਡਾ. ਪਵਨ ਕੁਮਾਰ, ਚੋਣ ਕਾਨੂੰਗੋ ਦੀਪਕ ਕੁਮਾਰ ਤੋਂ ਇਲਾਵਾ ਸਮੂਹ ਨੋਡਲ ਅਫ਼ਸਰ ਵੀ ਮੌਜ਼ੂਦ ਸਨ।
ਕੈਪਸ਼ਨ: ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਰਿਟਰਨਿੰਗ ਅਫ਼ਸਰ ਰਾਹੁਲ ਚਾਬਾ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜ਼ਿਮਨੀ ਚੋਣ ਸਬੰਧੀ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

#ChabbewalByElection #HoshiarpurNews #PunjabElection2024 #ElectionPreparations #NodalOfficers

Share post:

Subscribe

spot_imgspot_img

Popular

More like this
Related