ਹਾਈਵੇਅ ’ਤੇ ਲੱਕੜਾਂ ਦਾ ਭਰਿਆ ਟਰੱਕ ਪਲਟਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਕਾਠਗੜ੍ਹ (TTT)-ਬਲਾਚੌਰ ਰੂਪਨਗਰ ਰਾਜ ਮਾਰਗ ’ਤੇ ਅੱਜ ਸਵੇਰੇ 5 ਵਜੇ ਦੇ ਕਰੀਬ ਪਿੰਡ ਮੁੱਤੋਂ ਨੇੜੇ ਲੱਕੜਾਂ ਨਾਲ ਭਰਿਆ ਇਕ ਟਰੱਕ ਪਲਟ ਗਿਆ ਪਰ ਇਸ ਹਾਦਸੇ ਵਿਚ ਟਰੱਕ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ। ਟਰੱਕ ਪਲਟਣ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਏ. ਐੱਸ. ਆਈ. ਪ੍ਰਵੀਨ ਕੁਮਾਰ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ । ਉਨ੍ਹਾਂ ਦੱਸਿਆ ਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਦਕਿ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ ਹੈ ਕਿਉਂਕਿ ਟਰੱਕ ਚਾਲਕ ਨੂੰ ਅਚਾਨਕ ਨੀਂਦ ਦੀ ਝਪਕੀ ਲੱਗ ਗਈ ਸੀ ਅਤੇ ਟਰੱਕ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹਿਆ ਅਤੇ ਪਲਟ ਗਿਆ। ਟਰੱਕ ਚਾਲਕ ਦਾ ਨਾਮ ਰਫੀਕ ਮੁਹੰਮਦ ਪੁੱਤਰ ਬਾਲੀ ਮੁਹੰਮਦ ਪਿੰਡ ਦਲੇਹਾੜ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਦੱਸਿਆ ਗਿਆ ਹੈ। ਪੁਲਸ ਨੇ ਟਰੱਕ ਨੂੰ ਹਾਈਵੇਅ ਮਾਰਗ ਤੋਂ ਪਾਸੇ ਕਰਵਾਇਆ ਤਾਂ ਜੋ ਆਵਾਜਾਈ ’ਚ ਰੁਕਾਵਟ ਨਾ ਪਵੇ।