ਡਿਪਟੀ ਸਪੀਕਰ ਰੌੜੀ ਵੱਲੋਂ ਆਈ. ਐਸ. ਆਈ ਅਤੇ ਹਾਲਮਾਰਕ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦਾ ਸੱਦਾ
-ਭਾਰਤੀ ਮਿਆਰ ਬਿਊਰੋ ਵੱਲੋਂ ਕਰਵਾਏ ਜਾਗਰੂਕਤਾ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
-ਕੈਂਪ ਵਿਚ ਵੱਡੀ ਗਿਣਤੀ ’ਚ ਪੰਚਾਂ-ਸਰਪੰਚਾਂ ਅਤੇ ਸੰਮਤੀ ਮੈਂਬਰਾਂ ਨੇ ਕੀਤੀ ਸ਼ਮੂਲੀਅਤ
ਗੜ੍ਹਸ਼ੰਕਰ/ਹੁਸ਼ਿਆਰਪੁਰ, 3 ਜਨਵਰੀ(TTT):
ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲਾ, ਭਾਰਤ ਸਰਕਾਰ ਨਾਲ ਸਬੰਧਤ ਭਾਰਤੀ ਮਿਆਰ ਬਿਊਰੋ ਦੀ ਚੰਡੀਗੜ੍ਹ ਸ਼ਾਖਾ ਦਫ਼ਤਰ ਸੀ. ਐਚ. ਬੀ. ਓ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ ਦੇ ਸਹਿਯੋਗ ਨਾਲ ਬਲਾਕ ਗੜ੍ਹਸ਼ੰਕਰ ਵਿਖੇ ਬੀ. ਡੀ. ਪੀ. ਓ ਮਨਜਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦਾ ਚੌਥਾ ਗ੍ਰਾਮ ਪੰਚਾਇਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 77 ਦੇ ਕਰੀਬ ਪੰਚਾਂ-ਸਰਪੰਚਾਂ ਅਤੇ ਸੰਮਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਾਜ਼ਰੀਨ ਪੰਚਾਂ-ਸਰਪੰਚਾਂ, ਸੰਮਤੀ ਮੈਂਬਰਾਂ ਅਤੇ ਆਮ ਲੋਕਾਂ ਨੂੰ ਆਈ. ਐਸ. ਆਈ ਅਤੇ ਹਾਲਮਾਰਕ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੀ. ਆਈ. ਐਸ ਐਪ ਦੀ ਵਰਤੋਂ ਕਰਕੇ ਜਿਥੇ ਲੋਕ ਵਧੀਆ ਕੁਆਲਿਟੀ ਦਾ ਸਾਮਾਨ ਹਾਸਲ ਕਰ ਸਕਦੇ ਹਨ, ਉਥੇ ਠੱਗੀ ਤੋਂ ਵੀ ਬਚ ਸਕਦੇ ਹਨ। ਉਨ੍ਹਾਂ ਭਾਰਤੀ ਮਿਆਰ ਬਿਊਰੋ ਦੇ ਨੁਮਾਇੰਦਿਆਂ ਦੇ ਇਸ ਉੱਦਮ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਮੌਕੇ ਬੀ. ਆਈ. ਐਸ ਵੱਲੋਂ ਪਿੰਡਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਕਿਤਾਬਚੇ, ਫਲਾਇਰ ਅਤੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਹਾਜ਼ਰੀਨ ਵਿਚ ਵੰਡੀ ਗਈ, ਤਾਂ ਜੋ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਨਾਲ-ਨਾਲ ਖੇਤੀਬਾੜੀ ਖੇਤਰ ਦੇ ਗਿਆਨ ਵਿਚ ਵੀ ਵਾਧਾ ਕੀਤਾ ਜਾ ਸਕੇ। ਸਮਾਗਮ ਦੌਰਾਨ ਪੰਚਾਂ-ਸਰਪੰਚਾਂ ਨੂੰ ਵਿਕਾਸ ਗਤੀਵਿਧੀਆਂ ਲਈ ਨਿੱਜੀ ਲੋੜਾਂ, ਪਿੰਡਾਂ ਦੇ ਵਿਕਾਸ ਲਈ ਅਤੇ ਖੇਤਾਂ ਵਿਚ ਸਿੰਚਾਈ ਸਰੋਤ ਬਣਾਉਣ ਸਮੇਂ ਮਿਆਰੀ ਸਾਮਾਨ ਖ਼ਰੀਦਣ ਲਈ ਮਿਆਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਹਾਜ਼ਰੀਨ ਵੱਲੋਂ ਬੀ. ਆਈ. ਐਸ ਕੇਅਰ ਐਪ ਨੂੰ ਵੀ ਡਾਊਨਲੋਡ ਕੀਤਾ ਗਿਆ ਅਤੇ ਅਸਲ ਆਈ. ਐਸ. ਆਈ ਮਾਰਕ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਇਸ ਐਪ ਦੀ ਵਰਤੋਂ ਕਰਨਾ ਵੀ ਸਿਖਾਇਆ ਗਿਆ ਤਾਂ ਜੋ ਰੋਜ਼ਾਨਾ ਜੀਵਨ ਵਿਚ ਮਿਆਰਾਂ ਬਾਰੇ ਊੁਨ੍ਹਾਂ ਦੇ ਗਿਆਨ ਵਿਚ ਵਾਧਾ ਹੋ ਸਕੇ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਮਹਿਲਾ ਪੰਚਾਇਤ ਮੈਂਬਰਾਂ ਨੇ ਹਾਲ ਮਾਰਕਿੰਗ ਅਤੇ ਬੀ. ਆਈ. ਐਸ ਕੇਅਰ ਐਪ ’ਤੇ ਚਰਚਾ ਵਿਚ ਉਤਸ਼ਾਹ ਨਾਲ ਭਾਗ ਲਿਆ। ਹਾਜ਼ਰੀਨ ਵੱਲੋਂ ਬੜੇ ਜੋਸ਼ ਨਾਲ ‘ਜਾਗੋ ਗ੍ਰਾਹਕ ਜਾਗੋ’ ਦਾ ਨਾਅਰੇ ਵੀ ਲਗਾਏ ਗਏ। ਹਾਜ਼ਰ ਪੰਚਾਇਤ ਮੈਂਬਰਾਂ ਨੇ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਦੀ ਪ੍ਰਭਾਵੀ ਵਰਤੋਂ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹ ਇਹ ਜਾਣ ਕੇ ਹੈਰਾਨ ਹੋ ਗਏ ਕਿ ਉਹ ਬੀ. ਆਈ. ਐਸ ਕੇਅਰ ਐਪ ’ਤੇ ਖ਼ੁਦ ਸਿੱਧੇ ਤੌਰ ’ਤੇ ਸ਼ਿਕਾਇਤ ਕਰ ਸਕਦੇ ਹਨ ਅਤੇ ਸਟੈਂਡਰਡ ਮਾਰਕ ਦੀ ਦੁਰਵਰਤੋਂ ਦੀ ਜਾਂਚ ਕਰ ਸਕਦੇ ਹਨ, ਜਿਸ ਦਾ ਵਿਭਾਗ ਵੱਲੋਂ ਇਕ ਮਹੀਨੇ ਦੇ ਅੰਦਰ ਨਿਪਟਾਰਾ ਕਰਨਾ ਹੁੰਦਾ ਹੈ। ਇਸ ਮੌਕੇ ਬੀ. ਡੀ. ਪੀ. ਓ ਮਨਜਿੰਦਰ ਕੌਰ ਨੇ ਆਏ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਅਜਿਹੇ ਕੈਂਪ ਪਿੰਡ ਪੱਧਰ ’ਤੇ ਵੀ ਲਗਾਏ ਜਾਣਗੇ। ਉਨ੍ਹਾਂ ਬੀ. ਆਈ. ਐਸ ਵਿਭਾਗ ਤੋਂ ਆਏ ਸਲਾਹਕਾਰ ਦਲਬੀਰ ਸਿੰਘ, ਰਿਸੋਰਸ ਪਰਸਨ ਫੋਰਨ ਚੰਦ ਅਤੇ ਯੋਗਰਾਜ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿੱਦੀਕੀ, ਸੁਪਰਡੈਂਟ ਜੀਵਨ ਅਤੇ ਬੀ. ਡੀ. ਪੀ. ਓ ਦਫ਼ਤਰ ਗੜ੍ਹਸ਼ੰਕਰ ਦਾ ਸਮੁੱਚਾ ਸਟਾਫ ਹਾਜ਼ਰ ਸੀ।
News, Breaking News, Latest News, News Headlines, Live News, Today News | GBC Update
News, Latest News, Breaking News, News Headlines, Live News, Today News, GBC Update Breaking News