28 ਸਤੰਬਰ ਨੂੰ ਕਾਮਰੇਡ ਸੀਤਾ ਰਾਮ ਯੈਚੂਰੀ ਦੇ ਦਿੱਲੀ ਵਿਖੇ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਤੋਂ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ – ਕਾਮਰੇਡ ਸ਼ੇਖੋਂ
ਬ੍ਰਾਂਚ ਕਾਨਫਰੰਸਾਂ ਅਤੇ ਤਹਿਸੀਲ ਕਾਨਫਰੰਸਾਂ ਸੰਬੰਧੀ ਠੋਸ ਨਿਰਣੈ ਲਏ ਗਏ – ਕਾਮਰੇਡ ਭੱਜਲ
(TTT) ਸੀ.ਪੀ.ਆਈ. (ਐਮ) ਜ਼ਿਲ੍ਹਾ ਹੁਸ਼ਿਆਰਪੁਰ ਦੀ ਸਕੱਤਰੇਤ ਮੀਟਿੰਗ ਸਾਥੀ ਰਣਜੀਤ ਸਿੰਘ ਚਠਿਆਲ ਦੀ ਪ੍ਰਧਾਨਗੀ ਹੇਠ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਪਾਰਟੀ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸ਼ੇਖੋਂ ਨੇ ਅੱਜ ਦੀ ਰਾਜਨੀਤਿਕ ਅਵਸਥਾ ਬਾਰੇੇ ਬੋਲਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਪਾਰਲੀਮੈਂਟ ਚੋਣਾਂ ਵਿੱਚ ਵੱਜੀਆਂ ਪੁਛਾੜਾਂ ਦੇ ਬਾਵਜੂਦ ਮੋਦੀ ਦੀ ਅਗਵਾਈ ਵੱਲ ਸਰਕਾਰ ਆਪਣੇ ਫਿਰਕੂ ਏਜੰਡੇ ਅਤੇ ਰਾਜਾਂ ਦੇ ਅਧਿਕਾਰਾਂ ਉੱਤੇ ਹਮਲੇ ਕਰਨ ਤੋਂ ਬਾਜ ਨਹੀ ਆ ਰਹੀ। ਹੁਣੇ ਹੀ ਕੇਂਦਰੀ ਮੰਤਰੀ ਮੰਡਲ ਵੱਲੋਂ ‘ਇੱਕ ਰਾਸ਼ਟਰ, ਇੱਕ ਚੋਣ` ਸੰਬੰਧੀ ਕੋਵਿੰਦ ਕਮੇਟੀ ਦੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਜਿਸ ਨੂੰ ਲਾਗੂ ਕਰਨ ਨਾਲ ਦੇਸ਼ ਦੇ ਸੰਘੀ ਢਾਂਚੇ ਨੂੰ ਡੂੰਘੀ ਸੱਟ ਵੱਜੇਗੀ ਅਤੇ ਰਾਜਾਂ ਦੇ ਸੰਵਿਧਾਨਿਕ ਅਧਿਕਾਰਾਂ ਤੇ ਸਿੱਧੀ ਦਖਲ-ਅੰਦਾਜੀ ਲਈ ਰਾਹ ਪੱਧਰਾ ਕੀਤਾ ਜਾਵੇਗਾ। ਪੰਜਾਬ ਦੀ ਆਰਥਿਕ ਅਵਸਥਾ ਬੜੀ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਭਗਵੰਤ ਮਾਨ ਦੀ ਸਰਕਾਰ ਕਰਜਿਆਂ ਨਾਲ ਚੱਲ ਰਹੀ ਹੈ। ਪਾਰਟੀਆਂ ਦੀਆਂ ਚੱਲ ਰਹੀਆਂ ਕਾਨਫਰੰਸਾਂ ਸਬੰਧੀ ਉਨ੍ਹਾਂ ਨੇ ਵਿਸਥਾਰ ਨਾਲ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੇ ਹਰਮਨ ਪਿਆਰੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੂਰੀ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਸਾਥੀ ਟਾਲਕਟੋਰਾ ਸਟੇਡੀਅਮ ਦਿੱਲੀ ਪਹੁੰਚਣਗੇ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਜ਼ਿਲ੍ਹਾਂ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬ੍ਰਾਂਚ ਕਾਨਫਰੰਸਾਂ ਵੱਡੀ ਗਿਣਤੀ ਵਿੱਚ ਕੀਤੀਆਂ ਜਾ ਚੁੱਕੀਆਂ ਹਨ। ਤਹਿਸੀਲ ਦਸੂਹਾ ਦੀ ਕਾਨਫਰੰਸ 26 ਸਤੰਬਰ ਨੂੰ ਪਿੰਡ ਧੂਤਕਲਾਂ, ਹੁਸ਼ਿਆਰਪੁਰ ਤਹਿਸੀਲ ਦੀ ਕਾਨਫਰੰਸ 10 ਅਕਤੂਬਰ ਪਿੰਡ ਬਸੀ ਦੌਲਤ ਖਾਂ, ਗੜ੍ਹਸ਼ੰਕਰ ਤਹਿਸੀਲ ਦੀ ਕਾਨਫਰੰਸ 20 ਅਕਤੂਬਰ ਨੂੰ ਗੜ੍ਹਸ਼ੰਕਰ ਅਤੇ ਮੁਕੇਰੀਆਂ ਤਹਿਸੀਲ ਦੀ ਕਾਨਫਰੰਸ 25 ਅਕਤੂਬਰ ਨੂੰ ਪਿੰਡ ਕਾਲੂਚਾਂਗ ਵਿਖੇ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ 28 ਸਤੰਬਰ ਨੂੰ ਆਪਣੇ ਮਰਹੂਮ ਜਨਰਲ ਸਕੱਤਰ ਸਾਥੀ ਸੀਤਾ ਰਾਮ ਯੈਚੂਰੀ ਦੇ ਸ਼ਰਧਾਂਜਲੀ ਸਮਾਗਮ ਵਿੱਚ ਜ਼ਿਲ੍ਹਾਂ ਹੁਸ਼ਿਆਰਪਰੁ ਤੋਂ ਸਾਥੀ ਵੱਡੀ ਗਿਣਤੀ ਵਿੱਚ ਦਿੱਲੀ ਵਿਖੇ ਪਹੁੰਚਣਗੇ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਮਹਿੰਦਰ ਕੁਮਾਰ ਬੱਢੋਆਣ, ਕਮਲਜੀਤ ਸਿੰਘ ਰਾਜਪੁਰ ਭਾਈਆਂ ਅਤੇ ਆਸ਼ਾਨੰਦ ਕਾਲੂਚਾਂਗ ਹਾਜ਼ਰ ਸਨ।