ਪੇਂਡੂ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਐੱਸ ਐੱਸ ਪੀ ਨਾਲ ਮੁਲਾਕਾਤ ਉਪਰੰਤ ਅਗਲੇ ਹਫ਼ਤੇ ਮੋਰਚਾ ਲਾਉਣ ਦਾ ਐਲਾਨ
(TTT) ਹੁਸ਼ਿਆਰਪੁਰ,19 ਜੂਨ ( ਨਵਨੀਤ ਸਿੰਘ ਚੀਮਾ ):- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਸੁਰੇਂਦਰ ਲਾਂਬਾ ਨਾਲ ਮੁਲਾਕਾਤ ਕਰਨ ਉਪਰੰਤ ਪੁਲਿਸ ਅਧਿਕਾਰੀਆਂ ਵਲੋਂ ਪਿੰਡ ਟਾਹਲੀ ਥਾਣਾ ਟਾਂਡਾ ਨਾਲ ਸਬੰਧਤ ਜੇਲ੍ਹ ਡੱਕੇ ਤਿੰਨ ਦਲਿਤ ਮਜ਼ਦੂਰਾਂ ਦੀ ਰਿਹਾਈ ਵਿੱਚ ਕੀਤੀ ਜਾ ਰਹੀ ਦੇਰੀ ਵਿਰੁੱਧ ਅਗਲੇ ਹਫ਼ਤੇ ਐੱਸ.ਐੱਸ.ਪੀ. ਦਫ਼ਤਰ ਅੱਗੇ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਰੂਪ ਰੇਖਾ ਉਲੀਕਣ ਲਈ ਜਥੇਬੰਦੀ ਵਲੋਂ ਸੂਬਾ ਕਮੇਟੀ ਨੇ 21 ਜੂਨ ਨੂੰ ਆਪਣੀ ਹੰਗਾਮੀ ਮੀਟਿੰਗ ਬੁਲਾ ਲਈ ਗਈ ਹੈ।
ਐੱਸ.ਐੱਸ.ਪੀ. ਨੂੰ ਮਿਲੇ ਵਫ਼ਦ ਵਿੱਚ ਭਰਾਤਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਮਾਸਟਰ ਸੁਖਦੇਵ ਡਾਨਸੀਵਾਲ ਵੀ ਮੌਜੂਦ ਰਹੇ। ਉਪਰੰਤ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰਨ ਦੇ ਵਾਅਦੇ ਉੱਪਰ ਅਮਲ ਕਰਨ ਦੀ ਥਾਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਦਬਾਅ ਕਾਰਨ ਜਾਣਬੁੱਝ ਕੇ ਦੇਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਕਾਨੂੰਨ ਨੂੰ ਜਵਾਬਦੇਹ ਘੱਟ ਅਤੇ ਐੱਮ ਐੱਲ ਏ ਜਸਵੀਰ ਸਿੰਘ ਰਾਜਾ ਦੇ ਹੁਕਮਾਂ ਨੂੰ ਹੀ ਕਾਨੂੰਨ ਦਾ ਅੰਤਿਮ ਹੁਕਮ ਮੰਨ ਕੇ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ 20 ਮਈ ਨੂੰ ਗੁਰਦੁਆਰਾ ਸਾਹਿਬ ਸੰਤ ਪ੍ਰੇਮ ਸਿੰਘ ਪਿੰਡ ਟਾਹਲੀ ਵਿਖੇ ਪੁੱਜੇ ਐੱਮ ਐੱਲ ਏ ਟਾਂਡਾ ਨੂੰ ਸਮਾਂ ਲੈ ਕੇ ਸਵਾਲ ਪੁੱਛਣ ਵਾਲੇ ਦਲਿਤ ਮਜ਼ਦੂਰਾਂ ਨੂੰ ਬੁਖਲਾਹਟ ਵਿੱਚ ਆ ਕੇ ਉਸ ਨੇ ਉਹਨਾਂ ਮਜ਼ਦੂਰਾਂ ਨੂੰ ਜਾਤੀ ਨੀਵਾਂ ਦਿਖਾਉਣ ਖਾਤਰ ਵੀਡੀਓ ਬਣਾ ਰਹੇ ਨੌਜਵਾਨ ਤੋਂ ਮੋਬਾਇਲ ਫ਼ੋਨ ਹੀ ਨਹੀਂ ਝਪਟਿਆ ਸਗੋਂ ਦਲਿਤ ਮਜ਼ਦੂਰਾਂ ਨਾਲ ਲੋਕਾਂ ਦੇ ਇਕੱਠ ਵਿੱਚ ਧੱਕੇਸ਼ਾਹੀ ਵੀ ਕੀਤੀ ਅਤੇ ਉਲ਼ਟ ਆਪਣੇ ਰੁਸੂਖ਼ ਦੀ ਦੁਰਵਰਤੋਂ ਕਰਕੇ ਮਨਘੜ੍ਹਤ ਫ਼ਿਲਮੀ ਕਹਾਣੀ ਬਣਾ ਕੇ ਸੰਗੀਨ ਧਾਰਾਵਾਂ ਤਹਿਤ ਝੂਠਾ ਕੇਸ ਪਵਾ ਕੇ ਤਿੰਨ ਦਲਿਤ ਮਜ਼ਦੂਰਾਂ ਨਾਵਲ ਗਿੱਲ ਟਾਹਲੀ, ਬੁੱਧ ਰਾਜ ਅਤੇ ਧਰਮਿੰਦਰ ਸਿੰਘ ਨੂੰ ਜੇਲ੍ਹ ਭਿਜਵਾ ਦਿੱਤਾ। ਹੁਸ਼ਿਆਰਪੁਰ ਪੁਲਿਸ ਅਧਿਕਾਰੀਆਂ ਨੇ ਪੜਤਾਲ ਕੀਤੇ ਬਿਨ੍ਹਾਂ ਹੀ ਐੱਮ ਐੱਲ ਏ ਟਾਂਡਾ ਦੀ ਸ਼ਾਬਾਸ਼ ਲੈਣ ਲਈ ਉਸਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਕਾਨੂੰਨ ਦੇ ਰਖਵਾਲਿਆਂ ਨੇ ਖ਼ੁਦ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀਸੀਵੀਟੀ ਫੁੱਟਜ਼ ਵਿੱਚ ਦਲਿਤ ਨੌਜਵਾਨਾਂ ਨਾਲ ਵਧੀਕੀ ਕਰਦਾ ਸ਼ਰੇਆਮ ਦਿਖਾਈ ਦੇ ਰਿਹਾ ਅਤੇ ਐੱਮ.ਐੱਲ.ਏ. ਦਾ ਹਮਾਇਤੀ ਇੱਕ ਪਿੰਡ ਵਾਸੀ ਨਾਲ ਉੱਲਝ ਰਿਹਾ ਸਾਫ਼ ਦਿੱਖ ਰਿਹਾ, ਇੱਕ ਦਲਿਤ ਮਜ਼ਦੂਰ ਦੀ ਐੱਮ.ਐੱਲ.ਏ. ਦੇ ਹਮਾਇਤੀ ਵਲੋਂ ਦਸਤਾਰ ਵੀ ਉਤਾਰੀ ਦੇਖੀ ਜਾ ਸਕਦੀ ਪਰ ਕਾਰਵਾਈ ਪੇਂਡੂ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਤੇ ਪੀੜਤ ਦਲਿਤ ਮਜ਼ਦੂਰਾਂ ਖਿਲਾਫ਼ ਕਰਨੀ ਪੁਲਿਸ ਪ੍ਰਸ਼ਾਸਨ ਦੇ ਪੱਖਪਾਤੀ ਵਤੀਰੇ ਨੂੰ ਉਜਾਗਰ ਕਰਦੀ ਹੈ। ਇਹ ਸਭ ਕੁੱਝ ਦਲਿਤ ਮਜ਼ਦੂਰਾਂ ਵਲੋਂ ਪਿੰਡ ਟਾਹਲੀ ਸਮੇਤ ਵੱਖ ਵੱਖ ਪਿੰਡਾਂ ‘ਚ ਪ੍ਰੋਵੈਨਸ਼ਲ ਗੌਰਮਿੰਟ ਦੀ ਦਲਿਤ ਪਰਿਵਾਰਾਂ ਨੂੰ ਅਲਾਟ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਾ ਕੇ ਮਾਲਕੀ ਹੱਕ ਦੇਣ ਅਤੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਅਤੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਨ ਲਈ ਉਠਾਈ ਜਾ ਰਹੀ ਹੱਕੀ ਆਵਾਜ਼ ਨੂੰ ਕੁਚਲਣ ਲਈ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੇਂਡੂ ਮਜ਼ਦੂਰਾਂ ਦੇ ਮਨਾਂ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਤੇ ਪ੍ਰਸ਼ਾਸਨ ਪਾਲੇ ਜਾ ਰਹੇ ਭਰਮ ਚੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹੀ ਗੱਲ ਕਹਿ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਲੋਕ ਵਿਰੋਧੀ, ਦਲਿਤ ਵਿਰੋਧੀ ਰਵੱਈਏ ਕਾਰਨ ਹੀ ਸੱਤਾਧਾਰੀ ਧਿਰ ਨੂੰ ਆਮ ਲੋਕਾਂ ਦੇ ਗੁੱਸੇ ਦਾ ਖਮਿਆਜ਼ਾ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਿਆ ਹੈ। ਜੇਕਰ ਅਜੇ ਵੀ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਬਾਜ਼ ਨਾ ਆਈ ਤਾਂ ਰਹਿੰਦੀ ਕਸਰ ਵੀ ਦਲਿਤ, ਮਜ਼ਦੂਰ ਅਤੇ ਆਮ ਲੋਕ ਕੱਢਣਗੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦਿਆਂ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਨਾ ਕੀਤਾ ਅਤੇ ਉੱਚ ਜਾਤੀ ਦੇ ਘੁਮੰਡੀ ਐੱਮ.ਐੱਲ.ਏ. ਟਾਂਡਾ ਅਤੇ ਉਸਦੇ ਹਮਾਇਤੀਆਂ ਖਿਲਾਫ਼ ਐੱਸ.ਸੀ, ਐੱਸ.ਟੀ. ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਨਾ ਕੀਤੀ ਗਈ ਤਾਂ ਦਲਿਤ, ਮਜ਼ਦੂਰ ਐੱਸ.ਐੱਸ.ਪੀ. ਦਫ਼ਤਰ ਅੱਗੇ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਗੇ।