18 ਤੋਂ 20 ਅਪ੍ਰੈਲ ਤੱਕ ਬੰਦ ਰਹਿਣਗੇ ਸਕੂਲ, ਭਿਆਨਕ ਗਰਮੀ ਕਾਰਨ ਲਿਆ ਗਿਆ ਇਹ ਫ਼ੈਸਲਾ
(TTT)ਭਿਆਨਕ ਗਰਮੀ ਪੈਣ ਦੇ ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਅਨੁਮਾਨ ਦੇ ਮੱਦੇਨਜ਼ਰ ਓਡੀਸ਼ਾ ਸਰਕਾਰ ਨੇ 18 ਤੋਂ 20 ਅਪ੍ਰੈਲ ਤੱਕ ਰਾਜ ਦੇ ਸਾਰੇ ਸਰਕਾਰੀ ਸਕੂਲ ਬੰਦ ਕਰਨ ਦਾ ਬੁੱਧਵਾਰ ਨੂੰ ਐਲਾਨ ਕੀਤਾ। ਸਕੂਲ ਅਤੇ ਸਮੂਹਿਕ ਸਿੱਖਿਆ ਵਿਭਾਗ ਨੇ ਇਕ ਪ੍ਰੈੱਸ ਰਿਲੀਜ਼ ‘ਚ ਕਿਹਾ ਕਿ ਸਰਕਾਰ ਨੇ ਮੌਜੂਦਾ ਭਿਆਨਕ ਗਰਮੀ ਅਤੇ ਦਿਨ ਦੇ ਤਾਪਮਾਨ ‘ਚ ਵਾਧੇ ਨੂੰ ਦੇਖਦੇ ਹੋਏ ਸਰਕਾਰੀ, ਸਰਕਾਰੀ ਮਦਦ ਪ੍ਰਾਪਤ ਅਤੇ ਨਿੱਜੀ ਸਮੇਤ ਸਾਰੇ ਸਕੂਲ ਤਿੰਨ ਦਿਨ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ
ਆਈ.ਐੱਮ.ਡੀ. ਦੀ ਭਵਿੱਖਬਾਣੀ ਅਨੁਸਾਰ, ਅਗਲੇ 2 ਦਿਨ ਦੌਰਾਨ ਕਈ ਥਾਵਾਂ ‘ਤੇ ਤਾਪਮਾਨ ਹੌਲੀ-ਹੌਲੀ 2 ਤੋਂ 4 ਡਿਗਰੀ ਸੈਲਸੀਅਤ ਤੱਕ ਵਧਣ ਦਾ ਅਨੁਮਾਨ ਹੈ। ਆਈ.ਐੱਮ.ਡੀ. ਨੇ 18 ਤੋਂ 20 ਅਪ੍ਰੈਲ ਦਰਮਿਆਨ ਓਡੀਸ਼ਾ ‘ਚ ਕੁਝ ਥਾਵਾਂ ‘ਤੇ ਤਾਪਮਾਨ 45 ਡਿਗਰੀ ਸੈਲਸੀਅਸ ਦੇ ਪਾਰ ਜਾਣ ਦਾ ਅਨੁਮਾਨ ਜਤਾਇਆ ਹੈ। ਮੌਸਮ ਵਿਗਿਆਨੀ ਉਮਾਸ਼ੰਕਰ ਦਾਸ ਨੇ ਕਿਹਾ ਕਿ ਮਊਰਭੰਜ ਜ਼ਿਲ੍ਹੇ ਦੇ ਬਾਰੀਪਦਾ ਸ਼ਹਿਰ ਮੰਗਲਵਾਰ ਨੂੰ 43.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਪੂਰੇ ਦੇਸ਼ ‘ਚ ਸਭ ਤੋਂ ਗਰਮ ਸਥਾਨ ਰਿਹਾ।