ਅੱਜ ਤੋਂ ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ ’ਚੋਂ ਨਹੀਂ ਚੁੱਕਿਆ ਜਾਵੇਗਾ ਕੂੜਾ, ਟਰੈਕਟਰ-ਟਰਾਲੀਆਂ ਦਾ ਕੰਮ ਰਹੇਗਾ ‘ਠੱਪ’
(TTT)ਜਲੰਧਰ (ਪੁਨੀਤ)–ਲੋਕ ਸਭਾ ਚੋਣਾਂ ਵਿਚਕਾਰ ਨਿਗਮ ਲਈ ਵੱਡੀ ਸਮੱਸਿਆ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ 4 ਕਰੋੜ ਦੀ ਪੈਂਡਿੰਗ ਰਾਸ਼ੀ ਦੀ ਅਦਾਇਗੀ ਨਾ ਹੋਣ ਕਾਰਨ ਕੂੜਾ ਚੁੱਕਣ ਵਾਲੇ ਠੇਕੇਦਾਰਾਂ ਨੇ ਕੰਮ ਰੋਕਣ ਦਾ ਫ਼ੈਸਲਾ ਲਿਆ ਹੈ। ਇਸ ਕਾਰਨ ਨਿਗਮ ਦੀ ਸਫ਼ਾਈ ਮੁਹਿੰਮ ਨੂੰ ਵੱਡਾ ਝਟਕਾ ਲੱਗੇਗਾ ਕਿਉਂਕਿ ਬੁੱਧਵਾਰ ਤੋਂ ਛੋਟੇ ਢੇਰਾਂ ਤੋਂ ਕੂੜਾ ਨਹੀਂ ਚੁੱਕਿਆ ਜਾਵੇਗਾ। ਠੇਕੇਦਾਰਾਂ ਵੱਲੋਂ ਕੰਮ ਰੋਕਣ ਦੇ ਫੈਸਲੇ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਉਣ ਲੱਗਣਗੀਆਂ। ਇਸ ਕਾਰਨ ਬੁੱਧਵਾਰ ਤੋਂ ਸ਼ਹਿਰ ਵਿਚ ਸੈਂਕੜੇ ਥਾਵਾਂ ਤੋਂ ਕੂੜਾ ਚੁੱਕਣ ਦਾ ਕੰਮ ਨਹੀਂ ਹੋ ਸਕੇਗਾ। ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ ਵਿਚੋਂ ਕੂੜਾ ਚੁੱਕਵਾ ਕੇ ਡੰਪਾਂ ਤਕ ਭੇਜਣ ਲਈ ਟਰੈਕਟਰ-ਟਰਾਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉਕਤ ਠੇਕੇਦਾਰਾਂ ਦੀਆਂ ਸ਼ਹਿਰ ਵਿਚ 35 ਟਰੈਕਟਰ-ਟਰਾਲੀਆਂ ਚੱਲਦੀਆਂ ਹਨ। ਠੇਕੇਦਾਰਾਂ ਦੇ ਫ਼ੈਸਲੇ ਕਾਰਨ ਉਕਤ ਟਰੈਕਟਰ-ਟਰਾਲੀਆਂ ਅੱਜ ਤੋਂ ਕੂੜਾ ਚੁੱਕਣ ਦਾ ਕੰਮ ਨਹੀਂ ਕਰਨਗੀਆਂ।