ਥਲ ਸੈਨਾ ਦੀ ਭਰਤੀ ਸਬੰਧੀ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਨਾਲ ਤਾਲਮੇਲ ਕਰਕੇ ਲਗਾਇਆ ਕਰੀਅਰ ਗਾਈਡੈਂਸ ਵੈਬੀਨਾਰ
ਹੁਸ਼ਿਆਰਪੁਰ, 2 ਫਰਵਰੀ (ਬਜਰੰਗੀ ਪਾਂਡੇ):ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ/ਪ੍ਰਾਈਵੇਟ ਪੋਲੀਟੈਕਨਿਕ, ਆਈ.ਟੀ.ਆਈਜ਼ ਅਤੇ ਡਿਗਰੀ ਕਾਲਜਾਂ ਨਾਲ ਤਾਲਮੇਲ ਕਰਕੇ ਭਾਰਤੀ ਥਲ ਸੈਨਾ ਦੀ ਭਰਤੀ ਸਬੰਧੀ ਸਰਕਾਰੀ ਜੇ.ਆਰ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਇਕ ਵਿਸ਼ੇਸ਼ ਕਰੀਅਰ ਗਾਈਡੈਂਸ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਦੇ ਮੁੱਖ ਬੁਲਾਰੇ ਭਾਰਤੀ ਥਲ ਸੈਨਾ ਸਿਲੈਕਸ਼ਨ ਸੈਂਟਰ ਜਲੰਧਰ ਕੈਂਟ ਤੋਂ ਕਰਨਲ ਜੈਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਅਗਨੀਵੀਰ ਸਕੀਮ ਅਧੀਨ ਭਾਰਤੀ ਥਲ ਸੈਨਾ ਦੀ ਭਰਤੀ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਗਈ। ਜਿਲ੍ਹੇ ਦੇ ਕੁੱਲ 38 ਇੰਸਟੀਚਿਊਟਾਂ ਰਾਹੀਂ ਲੱਗਭਗ 6 ਹਜ਼ਾਰ ਪ੍ਰਾਰਥੀ ਆਨਲਾਈਨ ਮਾਧਿਅਮ ਰਾਹੀਂ ਇਸ ਵੈਬੀਨਾਰ ਦਾ ਹਿੱਸਾ ਬਣੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਜੈਵੀਰ ਸਿੰਘ ਨੇ ਇਸ ਵੈਬੀਨਾਰ ਵਿਚ ਸ਼ਾਮਿਲ ਪ੍ਰਾਰਥੀਆਂ ਨੂੰ ਇਸ ਯੋਜਨਾ ਦੇ ਤਹਿਤ ਯੋਗ ਅਗਨੀਵੀਰਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਭਾਰਤੀ ਥਲ ਸੈਨਾ ਦੀ ਸੇਵਾ ਕਰਨ ਲਈ ਚੁਣਿਆ ਜਾਵੇਗਾ, ਇਸ ਚਾਰ ਸਾਲਾਂ ਦੀ ਸਰਗਰਮ ਸੇਵਾ ਦੀ ਇਹ ਮਿਆਦ ਅਗਨੀਵੀਰਾਂ ਨੂੰ ਸੇਵਾਵਾਂ ਦੇ ਜੀਵਨ ਢੰਗ ਦੇ ਸਬੰਧ ਵਿਚ ਅਤੇ ਉਨ੍ਹਾਂ ਨੂੰ ਇਕ ਸਥਾਈ ਕੈਰੀਅਰ ਵਿਕਲਪ ਵਜੋਂ ਹਥਿਆਰਬੰਦ ਬਲਾਂ ਬਾਰੇ ਫੈਸਲਾ ਕਰਨ ਦੇ ਯੋਗ ਬਣਾਉੇਣ ਲਈ ਰੁਕਾਵਟਾਂ ਨੂੰ ਹੱਲ ਕਰਨ ਲਈ ਬਹੁਤ ਲੋੜੀਂਦਾ ਸਮਾਂ ਪ੍ਰਦਾਨ ਕਰਦੀ ਹੈ। ਇਹ ਭਰਤੀ ਦੇ ਛੋਟੇ ਕਾਰਜਕਾਲ ਦੇ ਦੌਰਾਨ ਅਗਨੀਵੀਰਾਂ ਦੇ ਅੰਦਰ ਲੀਡਰਸ਼ਿਪ ਦੇਸ਼ਭਗਤੀ, ਦ੍ਰਿੜਤਾ, ਅਨੁਸ਼ਾਸਨ, ਪਰਿਪੱਕਤਾ, ਸਾਹਸ, ਦੋਸਤੀ, ਵਿਵਸਥਾ ਅਤੇ ਸਮਾਂ ਪ੍ਰਬੰਧਨ ਦੀ ਭਾਵਨਾ ਦੇ ਗੁਣ ਪੈਦਾ ਕਰੇਗੀ। ਬੁਲਾਰਿਆਂ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਭਰਤੀ ਸਬੰਧੀ ਲੋੜੀਂਦੀ ਮੁੱਢਲੀ ਵਿਦਿਅਕ ਯੋਗਤਾ ਬਾਰੇ ਦੱਸਦੇ ਹੋਏ ਪ੍ਰਾਰਥੀ ਘੱਟੋ-ਘੱਟ ਬਾਰਵੀਂ ਪਾਸ ਕੋਈ ਵੀ ਸਟ੍ਰੀਮ ਅਤੇ ਟੈਕਨੀਕਲ ਐਂਟਰੀ ਤਹਿਤ ਆਈ.ਟੀ.ਆਈ/ ਡਿਪਲੋਮਾ ਹੋਲਡਰ ਅਤੇ ਉਮਰ ਸੀਮਾਂ ਸਾਢੇ ਸਤਾਰਾਂ ਤੋਂ 21 ਸਾਲ ਇਸ ਭਰਤੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ https://www.joinindianarmy.nic.in ਵੈਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਉਪਰੰਤ ਪ੍ਰਾਰਥੀਆਂ ਦੀ ਤਿੰਨ ਫੇਜ਼ਾਂ ਰਾਹੀਂ ਸਿਲੈਕਸ਼ਨ ਪ੍ਰਕਿਰਿਆ ਦਾ ਪ੍ਰੋਸੈੱਸ ਹੋਵੇਗਾ। ਫੇਜ਼-1 ਵਿੱਚ ਸੀ-ਡੈਕ ਦੁਆਰਾ ਆਨਲਾਈਨ ਈ-ਪ੍ਰੀਖਿਆ ਲਈ ਜਾਵੇਗੀ। ਇਸ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਦੀ ਫੇਜ਼-2 ਵਿੱਚ ਫਿਜ਼ੀਕਲ ਫਿਟਨੈੱਸ ਟੈੱਸਟ (ਪੀ.ਐਫ.ਟੀ) ਲਿਆ ਜਾਵੇਗਾ। ਇਸ ਫਿਜ਼ੀਕਲ ਟੈੱਸਟ ਵਿੱਚੋਂ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਦਾ ਫੇਜ਼-3 ਵਿੱਚ ਮੈਡੀਕਲ ਫਿਟਨੈੱਸ ਟੈੱਸਟ ਕੀਤਾ ਜਾਵੇਗਾ। ਇਸ ਅੰਤਿਮ ਫੇਜ਼ ਉਪਰੰਤ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਭਾਰਤੀ ਥਲ ਸੈਨਾ ਦੀ ਸੇਵਾ ਕਰਨ ਲਈ ਚੁਣਿਆ ਜਾਵੇਗਾ।
ਇਸ ਤੋਂ ਇਲਾਵਾ ਇੰਜੀਨੀਅਰ ਸੰਦੀਪ ਕੁਮਾਰ, ਪੀ.ਸੀ.ਐੱਸ. (ਏ) ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਬਿਊਰੋ ਦੀ ਮਹੱਤਤਾ ਬਾਰੇ ਦੱਸਦੇ ਹੋਏ ਰੋਜ਼ਗਾਰ ਬਿਊਰੋ ਰਾਹੀਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਬੱਚਿਆਂ ਦੇ ਭਵਿੱਖ ਦੇ ਕਰੀਅਰ ਲਈ ਕੀਤੀ ਜਾਂਦੀ ਕਰੀਅਰ ਕਾਊਂਸਲਿੰਗ, ਪਲੇਸਮੈਂਟ ਸੈੱਲ ਦੁਆਰਾ ਕੀਤੇ ਜਾਂਦੇ ਨੌਕਰੀਆਂ ਦੇ ਉਪਰਾਲੇ, ਰੋਜ਼ਗਾਰ ਬਿਊਰੋ ਰਾਹੀਂ ਦਿੱਤੀ ਜਾਂਦੀ ਮੁਫ਼ਤ ਇੰਟਰਨੈੱਟ ਸੁਵਿਧਾ, ਸਵੈ-ਰੋਜ਼ਗਾਰ ਸਕੀਮਾਂ ਦੇ ਬਾਰੇ ਜਾਣਕਾਰੀ, ਸ਼ਾਰਟ-ਟਰਮ ਤਕਨੀਕੀ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਮੂਹ ਵਿਦਿਆਰਥੀਆਂ ਨੂੰ ਭਾਰਤੀ ਥਲ ਸੈਨਾ ਵਿੱਚ ਆਪਣਾ ਕਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ।
ਸਰਕਾਰੀ ਜੇ.ਆਰ. ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਦੇ ਮੁਖੀ ਰਾਜੇਸ਼ ਧੰਨਾ ਵਲੋਂ ਇਸ ਕਰੀਅਰ ਗਾਈਡੈਂਸ ਵੈਬੀਨਾਰ ਪ੍ਰੋਗਰਾਮ ਦੀ ਬਹੁਤ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਇਸ ਵੈਬੀਨਾਰ ਵਿੱਚ ਆਏ ਕਰਨਲ ਜੈਵੀਰ ਸਿੰਘ ਅਤੇ ਇੰਜੀਨੀਅਰ ਸੰਦੀਪ ਕੁਮਾਰ, ਪੀ.ਸੀ.ਐੱਸ. (ਏ) ਜਿਲ੍ਹਾ ਰੋਜ਼ਗਾਰ ਅਫਸਰ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਉਣ ਲਈ ਕਿਹਾ ਗਿਆ।