-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਮੂੰਗਫਲੀ ਦੀ ਕਾਸ਼ਤ ਬਾਬਤ ਕਿਸਾਨ ਗੋਸ਼ਠੀ ਦਾ ਆਯੋਜਨ
ਹੁਸ਼ਿਆਰਪੁਰ, 9 ਅਗਸਤ (ਬਜਰੰਗੀ ਪਾਂਡੇ ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭੂੰਗਾ ਦੇ ਸਹਿਯੋਗ ਨਾਲੰ ਪਿੰਡ ਸ਼ੇਖਾਂ, ਬਲਾਕ ਭੂੰਗਾ ਵਿਖੇ ਮੂੰਗਫਲੀ ਦੀ ਕਾਸ਼ਤ ਬਾਬਤ ਕਿਸਾਨ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਵਰਿੰਦਰ ਸਰਦਾਨਾ, ਪ੍ਰਮੁੱਖ ਵਿਗਿਆਨੀ (ਤੇਲ ਬੀਜ) ਅਤੇ ਇੰਚਾਰਜ, ਤੇਲਬੀਜ ਸੈਕਸ਼ਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਉਚੇਚੇ ਤੌਰ ’ਤੇ ਗੋਸ਼ਠੀ ਵਿੱਚ ਸ਼ਾਮਿਲ ਹੋਏ।
ਡਾ. ਮਨਿੰਦਰ ਸਿੰਘ ਬੌੰਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਪਹੁੰਚੇ ਮਾਹਿਰਾਂ ਅਤੇ ਕਿਸਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਕਿਰਸਾਨੀ ਪ੍ਰਤੀ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਸਾਲ ਭੂੰਗਾ ਬਲਾਕ ਵਿੱਚ ਤੇਲ ਬੀਜ ਅਧਾਰਿਤ ਕਿਸਾਨ ਉਤਪਾਦਕ ਸੰਸਥਾ (ਐਫ.ਪੀ.ਓ) ਰਜਿਸਟਰ ਕੀਤੀ ਗਈ ਹੈ ਅਤੇ ਇਸ ਲਈ ਨਵੇਂ ਮੈਂਬਰ ਜੋੜਣ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਵੀ ਇਸ ਦਾ ਹਿੱਸਾ ਬਣਨ ਲਈ ਜੋਰ ਦਿੱਤਾ। ਡਾ. ਬੌਂਸ ਨੇ ਸਾਉਣੀ ਦੀਆਂ ਫਸਲਾਂ ਦੇ ਸਰਵਪੱਖੀ ਕੀਟ ਪ੍ਰਬੰਧ ਅਤੇ ਖਾਸਕਰ ਮੂੰਗਫਲੀ ਦੇ ਬੀਜ ਸੋਧ ਅਤੇ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਬਾਰੇ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲਗਾਤਾਰ ਰਾਬਤਾ ਰੱਖਣ ਲਈ ਵੀ ਕਿਹਾ।
ਡਾ. ਵਰਿੰਦਰ ਸਰਦਾਨਾ, ਪ੍ਰਮੁੱਖ ਵਿਗਿਆਨੀ (ਤੇਲ ਬੀਜ) ਅਤੇ ਇੰਚਾਰਜ, ਤੇਲਬੀਜ ਸੈਕਸ਼ਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮੂੰਗਫਲੀ ਦੀਆਂ ਉੱਨਤ ਕਿਸਮਾਂ, ਸਫਲ ਕਾਸ਼ਤ ਦੇ ਢੰਗ, ਖਾਦਾਂ ਦੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਮੂੰਗਫਲੀ ਦੀਆਂ ਨਵੀਆਂ ਕਿਸਮਾਂ ਤੇ ਉਤਪਾਦਨ ਤਕਨੀਕਾਂ ਅਤੇ ਪਸਾਰ ਬਾਬਤ ਲਗਾਤਾਰ ਕੰੰਮ ਚੱਲ ਰਿਹਾ ਹੈ। ਡਾ. ਸਰਦਾਨਾ ਨੇ ਮੂੰਗਫਲੀ ਦੀ ਪ੍ਰੋਸੈਸਿੰਗ ’ਤੇ ਉਚੇਚਾ ਜੋਰ ਦਿੱਤਾ ਅਤੇ ਇਸ ਲਈ ਕਿਸਾਨਾਂ ਨੂੰ ਅੱਗੇ ਆਉਣ ਲਈ ਪ੍ਰੇਰਿਆ। ਉਨ੍ਹਾਂ ਇਸ ਬਾਬਤ ਸਿਖਲਾਈ ਉਪਲਬਧ ਕਰਵਾਉਣ ਬਾਰੇ ਵੀ ਭਰੋਸਾ ਦਿੱਤਾ। ਕਿਸਾਨ ਗੋਸ਼ਠੀ ਵਿੱਚ ਮਾਹਿਰਾਂ ਵੱਲੋਂ ਵੱਖ-ਵੱਖ ਤਕਨੀਕੀ ਲੈਕਚਰ ਸਾਂਝੇ ਕੀਤੇ ਗਏ। ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਤੋਂ ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋ: (ਪਸ਼ੂ ਵਿਗਿਆਨ) ਨੇ ਪਸ਼ੂਆਂ ਦੀ ਮੌਸਮੀ ਸਾਂਭ-ਸੰਭਾਲ, ਬਿਮਾਰੀਆਂ ਅਤੇ ਖੁਰਾਕ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਖੇਤੀ ਇੰਜੀਨਿਅਰਿੰਗ ਦੇ ਮਾਹਿਰ ਡਾ. ਅਜੈਬ ਸਿੰਘ ਵੱਲੋਂ ਮੂੰਗਫਲੀ ਦੀ ਬਿਜਾਈ, ਵਢਾਈ ਅਤੇ ਗਹਾਈ ਦੀਆਂ ਮਸ਼ੀਨਾਂ ਤੇ ਮਿਆਰੀ ਗੁੜ-ਸ਼ੱਕਰ ਉਤਪਾਦਨ ਬਾਰੇ ਜਾਣਕਾਰੀ ਦਿੱਤੀ ਗਈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭੂੰਗਾ ਤੋਂ ਡਾ. ਸੁਖਪਾਲਵੀਰ ਸਿੰਘ, ਖੇਤੀ ਵਿਕਾਸ ਅਫਸਰ, ਭੂੰਗਾ ਨੇ ਕਿਸਾਨਾਂ ਦੀ ਸਹੂਲਤ ਲਈ ਵਿਭਾਗੀ ਸਕੀਮਾਂ ਬਾਰੇ ਦੱਸਿਆ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਾਲ ਬਲਾਕ ਭੂੰਗਾ ਵਿੱਚ ਮੂੰਗਫਲੀ ਅਧੀਨ ਤਕਰੀਬਨ 1100 ਹੈਕਟੇਅਰ ਰਕਬੇ ਤੇ ਬਿਜਾਈ ਹੋਈ ਹੈ। ਪ੍ਰਿਤਪਾਲ ਸਿੰਘ ਥਿਆੜਾ, ਬਲਾਕ ਤਕਨਾਲੋਜੀ ਮੈਨੇਜਰ ਨੇ ਕਿਸਾਨਾਂ ਲਈ ਆਤਮਾ ਸਕੀਮ ਹੇਠ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਚਾਨਣਾ ਪਾਇਆ। ਗੋਸ਼ਠੀ ਵਿੱਚ ਧਰਮ ਸਿੰਘ, ਸਰਪੰਚ ਪਿੰਡ ਸ਼ੇਖਾਂ ਦਿਲਬਾਗ ਸਿੰਘ, ਸਰਪੰਚ ਪਿੰਡ ਰਘਵਾਲ ਨਰਿੰਦਰ ਸਿੰਘ, ਬਿਕਰਮ ਸਿੰਘ, ਸੁਰਿੰਦਰ ਸਿੰਘ ਤੇ ਨਰੇਸ਼ ਕੁਮਾਰ, ਸਤਮਿੰਦਰ ਸਿੰਘ ਪਿੰਡ ਨੀਲਾ ਨਲੋਆ ਅਤੇ ਸ. ਦਵਿੰਦਰ ਸਿੰਘ ਪਿੰਡ ਰਾਮ ਟਟਵਾਲੀ ਵੀ ਹਾਜ਼ਰ ਸਨ। ਮਾਹਿਰਾਂ ਨੇ ਕਿਸਾਨਾਂ ਦੇ ਵਿਚਾਰ ਵੀ ਸੁਣੇ ਅਤੇ ਉਨ੍ਹਾਂ ਦੇ ਖਦਸ਼ਿਆਂ ਬਾਰੇ ਵਿਸਥਾਰ ਨਾਲ ਜਵਾਬ ਦਿੱਤੇ।
ਇਸ ਮੌਕੇ ਕਿਸਾਨਾਂ ਦੀ ਸਹੂਲਤ ਲਈ ਮਾਂਹ, ਤਿੱਲ, ਪਸ਼ੂਆਂ ਲਈ ਧਾਤਾਂ ਦਾ ਚਾਰਾ, ਪਸ਼ੂ ਚਾਟ ਇੱਟਾਂ, ਬਾਈਪਾਸ ਫੈਟ, ਸਬਜ਼ੀਆਂ ਦੀ ਫਲ ਦੀ ਮੱਖੀ ਦੀ ਰੋਕਥਾਮ ਲਈ ਫਰੂਟ ਫਲਾਈ ਟ੍ਰੈਪ, ਟਮਾਟਰ ਤੇ ਬੈਂਗਣ ਦੀਆਂ ਪਨੀਰੀਆਂ ਅਤੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ।ਅੰਤ ਵਿੱਚ ਡਾ. ਸੰਦੀਪ ਸਿੰਘ, ਖੇਤੀ ਵਿਕਾਸ ਅਫਸਰ, ਬਲਾਕ ਭੂੰਗਾ ਵੱਲੋਂ ਇਸ ਗੋਸ਼ਠੀ ਵਿੱਚ ਆਏ ਮਾਹਿਰਾਂ ਅਤੇ ਕਿਸਾਨਾਂ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ ਗਿਆ। ਵਿਗਿਆਨੀਆਂ ਵੱਲੋਂ ਬਾਅਦ ਵਿੱਚ ਕਿਸਾਨਾਂ ਦੇ ਮੂੰਗਫਲੀ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਮੌਕੇ ’ਤੇ ਕਿਸਾਨਾਂ ਨਾਲ ਫਸਲ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
you tube :
2.