-ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਨਹੀਂ ਛੱਡੇਗੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ
-ਕੈਬਨਿਟ ਮੰਤਰੀ ਨੇ ਨਗਰ ਨਿਗਮ ਹੁਸ਼ਿਆਰਪੁਰ ਦੀ ਹਾਊਸ ਦੀ ਮੀਟਿੰਗ ’ਚ ਕੀਤੀ ਸ਼ਿਰਕਤ-ਨਿਗਮ ਹਾਊਸ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਲਈ ਅਹਿਮ ਮਤੇ ਪਾਸ
– ਪਿੰਡ ਬਜਵਾੜਾ ਤੇ ਕਿਲ੍ਹਾ ਬਰੂਨ ਦੇ ਸੀਵਰੇਜ ਦੇ ਪਾਣੀ ਨੂੰ ਹੁਸ਼ਿਆਰਪੁਰ ਨਾਲ ਜੋੜਦਿਆਂ ਟ੍ਰੀਟਮੈਂਟ ਪਲਾਂਟ ’ਚ ਪਾਣੀ ਪਾਉਣ ਨੂੰ ਮਿਲੀ ਮਨਜ਼ੂਰੀ
-ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ ਲਈ ਨਗਰ ਨਿਗਮ ਤੱਤਪਰ : ਮੇਅਰ ਸੁਰਿੰਦਰ ਕੁਮਾਰ
ਹੁਸ਼ਿਆਰਪੁਰ, 7 ਅਗਸਤ (ਬਜਰੰਗੀ ਪਾਂਡੇ): ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਮੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੀ ਹਾਊਸ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿਚ ਲੋਕ ਹਿੱਤ ਵਿਚ ਵੱਖ-ਵੱਖ ਮਤੇ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨਗਰ ਨਿਗਮ ਦੀ ਹੱਦ ਨਾਲ ਲੱਗਦੇ ਪਿੰਡ ਬਜਵਾੜਾ ਵਿਚ ਕਰੀਬ 32 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਦੇ ਕੰਮਾਂ ਵਿਚ ਇਸ ਪਿੰਡ ਦੇ ਸੀਵਰੇਜ ਦਾ ਪਾਣੀ ਸ਼ਹਿਰ ਦੇ ਬਾਹਰੀ ਇਲਾਕਿਆਂ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਪਾਇਆ ਜਾਵੇਗਾ, ਜਿਸ ਨੂੰ ਅੱਜ ਹਾਊਸ ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਜਲ ਸਪਲਾਈ ਤੇ ਸੀਵਰੇਜ ਵਿਭਾਗ ਨੇ ਨਗਰ ਨਿਗਮ ਨੂੰ 12 ਕਰੋੜ 46 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਹਨ।
ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਸ਼ਹਿਰ ਵਾਸੀਆਂ ਨੂੰ 100 ਫੀਸਦੀ ਬੁਨਿਆਦੀ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਪੁਖਤਾ ਸੁਵਿਧਾਵਾਂ ਦੇਣ ਲਈ ਸਮੇਂ-ਸਮੇਂ ਸਿਰ ਨਗਰ ਨਿਗਮ ਵਲੋਂ ਹਾਊਸ ਦੀ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਸਰਕਾਰ ਨੂੰ ਭੇਜੇ ਜਾਂਦੇ ਹਨ। ਇਸੇ ਲੜੀ ਤਹਿਤ ਅੱਜ ਹਾਊਸ ਦੀ ਮੀਟਿੰਗ ਵਿਚ ਕਾਫ਼ੀ ਅਹਿਮ ਮਤੇ ਪਾਸ ਹੋਏ ਹਨ। ਮੀਟਿੰਗ ਵਿਚ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਹਿੱਸਾ ਲਿਆ ਗਿਆ।
ਮੇਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਥੇ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ, ਉਥੇ ਆਸ-ਪਾਸ ਦੇ ਪਿੰਡਾਂ ਨੂੰ ਪੁਖਤਾ ਸੀਵਰੇਜ ਸੁਵਿਧਾਵਾਂ ਦੇਣ ਲਈ ਪਿੰਡ ਬਜਵਾੜਾ ਤੇ ਕਿਲ੍ਹਾ ਬਰੂਨ ਦੇ ਸੀਵਰੇਜ ਦੇ ਪਾਣੀ ਨੂੰ ਹੁਸ਼ਿਆਰਪੁਰ ਦੇ ਨਾਲ ਜੋੜਦੇ ਹੋਏ ਟ੍ਰੀਟਮੈਂਟ ਪਲਾਂਟ ਵਿਚ ਪਾਣੀ ਪਾਉਣ ਦੀ ਮਨਜ਼ੂਰੀ ਅੱਜ ਹਾਊਸ ਦੀ ਮੀਟਿੰਗ ਵਿਚ ਦਿੱਤੀ ਗਈ। ਨਗਰ ਨਿਗਮ ਵਲੋਂ ਇਕ ਹੋਰ ਅਹਿਮ ਉਪਰਾਲਾ ਕਰਦੇ ਹੋਏ ਆਫ਼ਤ ਸਮੇਂ ਰਾਹਤ ਮੁਹੱਈਆ ਕਰਵਾਉਣ ਲਈ ਗੌਤਮ ਨਗਰ ਵਿਚ ਸਥਿਤ ਕਮਿਊਨਿਟੀ ਸੈਂਟਰ ਦੇ ਗਰਾਊਂਡ ਫਲੋਰ ਨੂੰ ਰੈਨੋਵੇਟ ਕਰਨ ਅਤੇ ਪਹਿਲੀ ਮੰਜ਼ਿਲ ਨੂੰ ਬਣਾਉਣ ਲਈ 1,27,94,810 ਰੁਪਏ ਦਾ ਤਖਮੀਨਾ ਪਾਸ ਕੀਤਾ ਗਿਆ। ਸ਼ਹੀਦ ਰਾਜਗੁਰੂ ਮਾਰਕੀਟ ਦੇ ਨਜ਼ਦੀਕ ਬੱਸ ਸਟੈਂਡ ਵਿਚ ਬਣਾਏ ਗਏ ਟੁਆਇਲਟ ਦੇ ਰੈਨੋਵੇਸ਼ਨ ਅਤੇ ਰੱਖ-ਰਖਾਅ ਕਰਨ ਦਾ ਤਖਮੀਨਾ 1.76 ਲੱਖ ਰੁਪਏ ਪਾਸ ਕੀਤੇ ਗਏ, ਜਿਸ ਨਾਲ ਬੱਸ ਸਟੈਂਡ ਹੁਸ਼ਿਆਰਪੁਰ ਵਿਚ ਆਮ ਜਨਤਾ ਨੂੰ ਕਾਫ਼ੀ ਸੁਵਿਧਾ ਹੋਵੇਗੀ।
ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਅੰਦਰ ਵਾਟਰ ਸਪਲਾਈ ਤੇ ਸੀਵਰੇਜ ਦੀਆਂ ਲਾਈਨਾਂ ਵਿਛਾਉਣ ਲਈ ਮੁਹੱਲਾ ਸੁੰਦਰ ਨਗਰ, ਮੁਹੱਲਾ ਮਹਾਰਾਜਾ ਰਣਜੀਤ ਸਿੰਘ ਨਗਰ, ਮੁਹੱਲਾ ਟਿੱਬਾ ਸਾਹਿਬ, ਨੇੜੇ ਬੱਬੂ ਹੋਟਲ ਵਾਲੀ ਗਲੀ ਲਈ 2.83 ਲੱਖ ਰੁਪਏ ਦਾ ਤਖਮੀਨਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਵਿਚ ਬਿਲਕੁਲ ਵੀ ਪਾਣੀ ਅਤੇ ਸੀਵਰੇਜ ਦੀਆਂ ਲਾਈਨਾਂ ਨਹੀਂ ਪਈਆਂ ਹਨ, ਉਥੇ ਇਹ ਲਾਈਨਾਂ ਪਾਉਣ ਲਈ ਕੁੱਲ 11.42 ਕਰੋੜ ਰੁਪਏ ਦਾ ਤਖਮੀਨਾ ਪਾਸ ਕੀਤਾ ਗਿਆ।
you tube;