ਐਨ.ਪੀ.ਕੇ. ਡੀ.ਏ.ਪੀ. ਦਾ ਸਭ ਵਧੀਆ ਵਿਕਲਪ: ਮੁੱਖ ਖੇਤੀਬਾੜੀ ਅਫਸਰ ਕਿਸਾਨਾਂ ਨੂੰ ਮਿੱਟੀ ’ਚ ਪੌਸ਼ਟਿਕ ਤੱਤਾਂ ਦਾ ਸੰਤੁਲਨ ਬਣਾਈ ਰੱਖਣ ਲਈ ਦਿੱਤੇ ਸੁਝਾਅ
ਹੁਸ਼ਿਆਰਪੁਰ, 5 ਨਵੰਬਰ:(TTT) ਮੁੱਖ ਖੇਤੀਬਾੜੀ ਅਫਸਰ ਦੀਪਇੰਦਰ ਸਿੰਘ ਨੇ ਕਿਸਾਨਾਂ ਨੂੰ ਐਨ.ਪੀ.ਕੇ. (12:32:16) ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਹ ਖਾਦ ਡੀ.ਏ.ਪੀ. ਦਾ ਵਧੀਆ ਬਦਲ ਬਣ ਸਕਦੀ ਹੈ। ਐਨ.ਪੀ.ਕੇ. (12:32:16) ਦੀ ਲਗਭਗ ਡੇੜ ਬੋਰੀ, ਡੀ.ਏ.ਪੀ. ਦੇ ਬਰਾਬਰ ਨਾਈਟ੍ਰੋਜਨ ਅਤੇ ਫਾਸਫੋਰਸ ਸਮੱਗਰੀ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਇਹ ਖਾਦ 23 ਕਿਲੋ ਪੋਟਾਸ਼ ਵੀ ਪ੍ਰਦਾਨ ਕਰਦਾ ਹੈ, ਜੋ ਫ਼ਸਲ ਦੇ ਚੰਗੇ ਵਾਧੇ ਵਿੱਚ ਸਹਾਈ ਹੁੰਦੀ ਹੈ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਹੋਰ ਵਿਕਲਪਾਂ ਦੇ ਨਾਲ ਐਨ.ਪੀ.ਕੇ (12:32:16) ਜਾਂ ਹੋਰ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਲਈ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਵੇ ਤਾਂ ਫ਼ਸਲ ਦੀ ਬਿਜਾਈ ਸਮੇਂ 20 ਕਿਲੋ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਘੱਟ ਜੈਵਿਕ ਕਾਰਬਨ ਅਤੇ ਫਾਸਫੋਰਸ ਦੀ ਉੱਚ ਪੱਧਰ (9 ਤੋਂ 20 ਕਿਲੋ ਪ੍ਰਤੀ ਏਕੜ) ਵਾਲੀਆਂ ਜ਼ਮੀਨਾਂ ਵਿੱਚ ਫਾਸਫੋਰਸ ਖਾਦ ਦੀ ਮਾਤਰਾ 25 ਫੀਸਦੀ ਤੱਕ ਘਟਾਈ ਜਾ ਸਕਦੀ ਹੈ। ਇਸੇ ਤਰ੍ਹਾਂ ਮੱਧਮ ਜੈਵਿਕ ਕਾਰਬਨ (0.4 ਤੋਂ 0.75 ਫੀਸਦੀ) ਵਾਲੀਆਂ ਮਿੱਟੀਆਂ ਵਿੱਚ ਫਾਸਫੋਰਸ ਦੀ ਮਾਤਰਾ ਮੱਧਮ (5 ਤੋਂ 9 ਕਿਲੋ ਪ੍ਰਤੀ ਏਕੜ) ਅਤੇ ਉੱਚ ਫਾਸਫੋਰਸ ਪੱਧਰ ਵਾਲੀਆਂ ਮਿੱਟੀ ਲਈ 50 ਪ੍ਰਤੀਸ਼ਤ ਤੱਕ ਘਟਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚ ਜੇਕਰ ਝੋਨੇ ਦੀ ਫ਼ਸਲ ਦੌਰਾਨ ਆਖ਼ਰੀ ਵਾਹੀ ਤੋਂ ਪਹਿਲਾਂ 2.5 ਟਨ ਪੋਲਟਰੀ ਜਾਂ ਗੰਨਾ ਦੀ ਰਹਿੰਦ-ਖੂੰਹਦ ਦਾ ਪ੍ਰਯੋਗ ਕਰਨ ਨਾਲ ਫਾਸਫੋਰਸ ਦੀ ਮਾਤਰਾ ਵਿਚ ਅੱਧਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਫਾਸਫੋਰਸ ਦੀ ਮਾਤਰਾ ਨੂੰ ਚੰਗੀ ਤਰ੍ਹਾਂ ਸੜੀ ਹੋਈ ਖਾਦ (1 ਕਿਲੋ ਫਾਸਫੋਰਸ ਪ੍ਰਤੀ ਟਨ ਖਾਦ) ਦੀ ਵਰਤੋਂ ਕਰਕੇ ਵੀ ਘਟਾਇਆ ਜਾ ਸਕਦਾ ਹੈ। ਦੀਪਇੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਤੋਂ ਬਾਅਦ ਕਣਕ ਦੀ ਬਿਜਾਈ ਤੋਂ ਪਹਿਲਾਂ 4 ਟਨ ਝੋਨੇ ਦੀ ਪਰਾਲੀ ਜਾਂ ਗੰਨੇ ਦੀ ਰਹਿੰਦ-ਖੂੰਹਦ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਫਾਸਫੋਰਸ ਦੀ ਮਾਤਰਾ ਅੱਧੀ ਕੀਤੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਹਲ ਵਾਹੁਣ ਤੋਂ ਬਾਅਦ ਝੋਨੇ ਦੀ ਪਰਾਲੀ ਨੂੰ ਨਿਯਮਤ ਤੌਰ ‘ਤੇ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ ਅਤੇ ਜੈਵਿਕ ਕਾਰਬਨ ਦਾ ਪੱਧਰ ਉੱਚ ਸੀਮਾ ਵਿੱਚ ਹੁੰਦਾ ਹੈ, ਉੱਥੇ ਫਾਸਫੋਰਸ ਖਾਦ ਦੀ ਮਾਤਰਾ 50 ਪ੍ਰਤੀਸ਼ਤ ਤੱਕ ਘਟਾਈ ਜਾ ਸਕਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਿੱਟੀ ਦੀ ਪਰਖ ਕਰਵਾਉਣ ਅਤੇ ਪੌਸ਼ਟਿਕ ਤੱਤਾਂ ਦੀ ਸੰਤੁਲਿਤ ਵਰਤੋਂ ਕਰਨ ਤਾਂ ਜੋ ਫ਼ਸਲਾਂ ਦੀ ਪੈਦਾਵਾਰ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਮਿੱਟੀ ਦੀ ਗੁਣਵੱਤਾ ਵੀ ਬਰਕਰਾਰ ਰੱਖੀ ਜਾ ਸਕੇ।