ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਖਲ ਕਾਰਨ ਰੁਕਿਆ ਬਾਲ ਵਿਆਹ
ਹੁਸ਼ਿਆਰਪੁਰ, 4 ਨਵੰਬਰ:(TTT) ਹੁਸ਼ਿਆਰਪੁਰ-1 ਦੀ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ-ਕਮ-ਬਾਲ ਵਿਆਹ ਰੋਕਥਾਮ ਅਫ਼ਸਰ ਰਵਿੰਦਰ ਕੌਰ ਨੇ ਦੱਸਿਆ ਕਿ 30 ਅਕਤੂਬਰ ਨੂੰ ਉਨ੍ਹਾਂ ਦੇ ਧਿਆਨ ਵਿੱਚ ਬਾਲ ਵਿਆਹ ਦਾ ਮਾਮਲਾ ਆਇਆ ਸੀ। ਇਸ ਮਾਮਲੇ ‘ਚ 15 ਸਾਲਾ ਲੜਕੀ ਨਾਲ ਜ਼ਬਰਦਸਤੀ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਜਾਣਕਾਰੀ ਵਿਦਿਆਰਥਣ ਦੇ ਸਕੂਲ ਦੀ ਮੁੱਖ ਅਧਿਆਪਕਾ ਨੇ ਦਿੱਤੀ।
ਇਸ ਸੰਬੰਧੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਪੁਲਸ ਟੀਮ ਦੇ ਨਾਲ ਕਾਰਵਾਈ ਕਰਦੇ ਹੋਏ ਬੱਚੀ ਨੂੰ ਸਕੂਲ ਤੋਂ ਸੁਰੱਖਿਅਤ ਘਰ ਪਹੁੰਚਾਇਆ। ਇਸ ਤੋਂ ਬਾਅਦ ਲੜਕੀ ਦੇ ਘਰ ਜਾ ਕੇ ਉਸ ਦੇ ਮਾਪਿਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਮਝਾਇਆ ਕਿ ਬਾਲ ਵਿਆਹ ਐਕਟ ਤਹਿਤ 18 ਸਾਲ ਤੋਂ ਘੱਟ ਉਮਰ ਦਾ ਵਿਆਹ ਗੈਰ-ਕਾਨੂੰਨੀ ਹੈ ਅਤੇ ਇਸ ਦੀ ਉਲੰਘਣਾ ਕਰਨ ‘ਤੇ ਸਜ਼ਾ ਦੀ ਵਿਵਸਥਾ ਹੈ।
ਬਾਲ ਵਿਕਾਸ ਪ੍ਰੋਜੈਕਟ ਅਫਸਰ-ਕਮ-ਬਾਲ ਵਿਆਹ ਰੋਕਥਾਮ ਅਫਸਰ ਨੇ ਦੱਸਿਆ ਕਿ ਲੜਕੀ ਦੇ ਮਾਪੇ ਰਵਾਇਤੀ ਵਿਸ਼ਵਾਸਾਂ ਨਾਲ ਬੱਝੇ ਹੋਏ ਦਿਖਾਈ ਦਿੱਤੇ। ਬੱਚੀ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਮਾਮਲਾ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਅੱਗੇ ਪੇਸ਼ ਕੀਤਾ ਗਿਆ। ਕਮੇਟੀ ਨੇ ਮਾਪਿਆਂ ਦੇ ਬਿਆਨ ਲੈ ਕੇ ਜਾਂਚ ਕੀਤੀ। ਇਸ ਤੋਂ ਬਾਅਦ ਬਾਲ ਭਲਾਈ ਕਮੇਟੀ ਨੇ ਬੱਚੀ ਨੂੰ ਨਾਰੀ ਨਿਕੇਤਨ, ਜਲੰਧਰ ਭੇਜਣ ਦਾ ਫੈਸਲਾ ਕੀਤਾ।
ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲੀਸ ਟੀਮ ਦੀ ਦੇਖ-ਰੇਖ ਹੇਠ ਉਸੇ ਦਿਨ ਹੀ ਉਸ ਨੂੰ ਨਾਰੀ ਨਿਕੇਤਨ ਜਲੰਧਰ ਭੇਜ ਦਿੱਤਾ ਗਿਆ।