ਨਿਪੁੰਨ ਸ਼ਰਮਾ ਨੈਸ਼ਨਲ ਪੱਧਰ ਦੇ ਗਾਇਕੀ ਮੁਕਾਬਲੇ ‘ਚੋਂ ਅੱਵਲ ਮਿਲਿਆ 5100 ਰੁਪਏ ਕੈਸ਼ ਐਵਾਰਡ ਤੇ ਪ੍ਰਮਾਣ ਪੱਤਰ
ਹੁਸ਼ਿਆਰਪੁਰ, 10 ਅਕਤੂਬਰ:(TTT) ਮਲਟੀ ਟੇਲੈਂਟ ਰਿਐਲਿਟੀ ਸ਼ੌਅ ਵੱਲੋਂ ਕਰਵਾਏ ਗਏ ਨੈਸ਼ਨਲ ਪੱਧਰ ਦੇ ਗਾਇਕੀ ਮੁਕਾਬਲੇ ‘ਕਿਸਮੇਂ ਕਿਤਨਾ ਹੈ ਦਮ’ ਵਿੱਚੋਂ ਹੁਸ਼ਿਆਰਪੁਰ ਦੇ ਵਿਦਿਆਰਥੀ ਨਿਪੁੰਨ ਸ਼ਰਮਾ ਨੇ ਸੈਂਕੜੇ ਦੇ ਲਗਭਗ ਵਿਦਿਆਰਥੀਆਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਵਿਦਿਆਰਥੀ ਨਿਪੁੰਨ ਸ਼ਰਮਾ ਸੰਗੀਤਕ ਬਾਰੀਕੀਆਂ ਨੂੰ ਸਮਝਣ ਵਾਲਾ ਹੋਣਹਾਰ ਵਿਦਿਆਰਥੀ ਹੈ। ਇਸ ਤੋਂ ਪਹਿਲਾਂ ਨਿਪੁੰਨ ਸ਼ਰਮਾ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਕਵਿਤਾ ਗਾਇਨ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਹੁਣ ਉਹ ਭਾਸ਼ਾ ਵਿਭਾਗ ਦੇ ਰਾਜ ਪੱਧਰੀ ਮੁਕਾਬਲੇ ਦੀ ਤਿਆਰੀ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿਤਲ ਨੇ ਰਿਐਲਿਟੀ ਸ਼ੌਅ ਵੱਲੋਂ ਨਿਪੁੰਨ ਸ਼ਰਮਾ ਨੂੰ ਮਿਲੇ 5100 ਰੁਪਏ ਕੈਸ਼ ਐਵਾਰਡ, ਪ੍ਰਮਾਣ ਪੱਤਰ ਅਤੇ ਮੋਮੈਂਟੋ ਨਾਲ ਸਨਮਾਨਤ ਕਰਕੇ ਵਧਾਈ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਹਾਇਕ ਕਿਰਿਆਵਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਨੂੰ ਆਪਣੀ ਪ੍ਰਤਿਭਾ ਨੂੰ ਖੋਜਣਾ, ਨਿਖਾਰਨਾ ਅਤੇ ਆਪਣੇ ਜਨੂੰਨ ਨੂੰ ਅੱਗੇ ਵਿਧਾਉਣ ਵਿੱਚ ਉਤਸ਼ਾਹ ਮਿਲਦਾ ਹੈ। ਉਹ ਜ਼ਿੰਦਗੀ ਵਿੱਚ ਸੋਚੀ ਮੰਜ਼ਿਲ ਨੂੰ ਆਸਾਨੀ ਨਾਲ ਪ੍ਰਾਪਤ ਕਰਦਾ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀ ਨਿਪੁੰਨ ਸ਼ਰਮਾ ਵੱਲੋਂ ਰਿਐਲਿਟੀ ਸ਼ੌਅ ਵਿੱਚ ਪੇਸ਼ ਕੀਤੀ ਰਚਨਾ ਵੀ ਸੁਣੀ ਅਤੇ ਉਸ ਦੀ ਸੁਰੀਲੀ ਆਵਾਜ਼ ਦੀ ਦਾਦ ਦਿੰਦਿਆਂ ਹੋਰ ਮਿਹਨਤ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਵੀ ਨਿਪੁੰਨ ਸ਼ਰਮਾ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਐੱਨ.ਆਈ.ਸੀ. ਅਫ਼ਸਰ ਪ੍ਰਦੀਪ ਸਿੰਘ, ਮਿਊਜਿਕ ਟੀਚਰ ਪ੍ਰੇਮ ਚੰਦ, ਨਰਿੰਦਰ ਕੁਮਾਰ , ਜਸਪ੍ਰੀਤ ਸਿੰਘ, ਤਜਿੰਦਰ ਸਿੰਘ, ਰਾਜਨ ਸੋਹਲ, ਰਾਜੇਸ਼ ਕੁਮਾਰ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।