ਪ੍ਰੋ. ਈਸ਼ਵਰ ਚੰਦਰ ਨੰਦਾ ਦੇ 132ਵੇਂ ਜਨਮ ਦਿਹਾੜੇ ‘ਤੇ ਰੰਗਮੰਚ ਲਈ ਉਨ੍ਹਾਂ ਦੀ ਮਹਾਨ ਦੇਨ ਨੂੰ ਯਾਦ ਕਰਦੇ ਹੋਏ ਸਮਾਗਮ
ਹੁਸ਼ਿਆਰਪੁਰ:(TTT) ਅੱਜ ਇੱਥੇ ਪੰਜਾਬੀ ਨਾਟਕ ਦੇ ਪਿਤਾਮਾ ਪ੍ਰੋ.ਈਸ਼ਵਰ ਚੰਦਰ ਨੰਦਾ ਦੇ 132ਵੇਂ ਜਨਮ ਦਿਹਾੜੇ ਦੇ ਮੌਕੇ ਤੇ ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਵਲੋਂ ਇਕ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਅਫਸਰ, ਐਲੀ ਰਮੇਸ਼ ਕੁਮਾਰ ਡਿਸਟ੍ਰਿਕ ਗਵਰਨਰ ਬਹੁ-ਰੰਗ ਕਲਾਮੰਚ ਦੇ ਸਰਪਰਸਤ ਡਾ.ਹਰਜਿੰਦਰ ਸਿੰਘ ਓਬਰਾਏ ਅਤੇ ਰੰਗ ਕਰਮੀ ਨਿਰਦੇਸ਼ਕ ਅਸ਼ੋਕ ਪੁਰੀ ਨੇ ਕੀਤੀ।
ਸਮਾਗਮ ਦੇ ਸ਼ੁਰੂ ਵਿੱਚ ਐਲੀ ਰਮੇਸ਼ ਕੁਮਾਰ ਨੇ ਕਲੱਬ ਦੇ ਮੈਂਬਰਾਂ ਅਤੇ ਰੰਗਕਰਮੀਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਇਸ ਮੌਕੇ ਤੇ 1989 ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਨ ਰੰਗਕ੍ਰਮੀ ਅਸ਼ੋਕ ਪੁਰੀ ਦੀ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਜ਼ਿਲ੍ਹਾ ਭਾਸ਼ਾ ਅਫਸਰ ਜਸਵੰਤ ਰਾਏ ਜੀ ਨੇ ਪੰਜਾਬੀ ਨਾਟਕ ਵਿੱਚ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੀ ਦੇਨ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੋਗਿੰਦਰ ਬਾਹਰਲਾ ਅਤੇ ਚਰਨਦਾਸ ਸਿੱਧੂ ਦੀ ਕਾਰਗੁਜ਼ਾਰੀ ਨੂੰ ਯਾਦ ਕੀਤਾ। ਉਨ੍ਹਾਂ ਜੋਗਿੰਦਰ ਬਾਹਰਲਾ ਦੇ ਹੁਸ਼ਿਆਰਪੁਰ ਵਿੱਚ ਆਜ਼ਾਦੀ ਤੋਂ ਬਾਅਦ 1964 ਤੱਕ ਕੀਤੇ ਕੰਮ ਅਤੇ 1989 ਤੋਂ ਹੁਣ ਤੱਕ ਬਹੁ-ਰੰਗ ਕਲਾਮੰਚ ਦੇ ਨਿਰਦੇਸ਼ਕ ਅਸ਼ੋਕ ਪੁਰੀ ਅਤੇ ਸ਼ਰਨਜੀਤ ਕੌਰ, ਅਮ੍ਰਿਤ ਲਾਲ, ਗੁਰਬਿੰਦਰ ਸਿੰਘ, ਗੁਰਮੇਲ ਧਾਲੀਵਾਲ ਅਤੇ ਆਸ਼ਾ ਰਾਣੀ ਵਲੋਂ ਰੰਗਮੰਚ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਨਾਟਕਕਾਰ ਅਸ਼ੋਕ ਪੁਰੀ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਤੋਂ ਬਾਅਦ ਪ੍ਰਿਥਵੀ ਰਾਜ ਕਪੂਰ, ਭੀਸ਼ਮ ਸਾਹਨੀ, ਬਲਵੰਤ ਗਾਰਗੀ, ਹਰਪਾਲ ਟਿਵਾਣਾ, ਸੁਦਰਸ਼ਨ ਮੈਣੀ, ਅਤੇ ਸਮਾਨਾਂਤਰ ਰਾਜਨੀਤਿਕ ਤੌਰ ਤੇ ਸੁਚੇਤ ਰੰਗਮੰਚ ਇਪਟਾ ਅਤੇ ਪਲਸ ਰੰਗਮੰਚ ਵਲੋਂ ਕੀਤੀਆਂ ਗਈਆ ਕਾਰਵਾਈਆਂ ਤੋਂ ਸੰਤੁਸ਼ਟੀ ਹੋਣ ਉਪਰੰਤ ਵੀ ਪੰਜਾਬੀ ਰੰਗਮੰਚ ਦੇ ਸਰਪਰਸਤਾਂ ਦੀ ਨਿਗਾਹ ਨੌਰਾ ਰਿਚਰਡ ਦੇ ਅੰਦਰੇਟੇ ਉਪਰ ਤਾਂ ਨਿਗਾਹ ਹੈ ਪਰ ਅਸੀਂ ਪੰਜਾਬੀ ਨਾਟਕ ਦੇ ਪਿਤਾਮਾ ਪ੍ਰੋ.ਆਈ.ਸੀ.ਨੰਦਾ ਦੇ ਪਿੰਡ ਗਾਂਧੀਆਂ ਨੂੰ ਭੁੱਲੀ ਬੈਠੇ ਹਾਂ। ਵਿੱਦਿਅਕ ਅਦਾਰਿਆਂ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਸੀਂ ਜੇਕਰ ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਨਾਟਕ ਦੀਆਂ ਜੜ੍ਹਾਂ ਤੱਕ ਜਾਣਾ ਪਵੇਗਾ।