ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਜੀ ਦੇ ਜਨਮ ਦਿਵਸ ’ਤੇ ਸ਼ਰਧਾਂਜਲੀ
ਹੁਸ਼ਿਆਰਪੁਰ, 28 ਸਤੰਬਰ:(TTT) ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਨੇ ਅੱਜ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਜੀ ਦੇ 117ਵੇਂ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਡਿਪਟੀ ਮੇਅਰ ਰਣਜੀਤ ਚੌਧਰੀ, ਰਾਜੇਸ਼ਵਰ ਦਿਆਲ ਬੱਬੀ, ਕੌਂਸਲਰ ਪ੍ਰਦੀਪ ਕੁਮਾਰ ਬਿੱਟੂ, ਸੁਦਰਸ਼ਨ ਧੀਰ, ਕਾਮਰੇਡ ਗੰਗਾ ਪ੍ਰਸਾਦ ਸਮੇਤ ਕਈ ਪਤਵੰਤੇ ਹਾਜ਼ਰ ਸਨ। ਸਾਰਿਆਂ ਨੇ ਸ: ਭਗਤ ਸਿੰਘ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਭਗਤ ਸਿੰਘ ਦੀ ਕੁਰਬਾਨੀ ਦਾ ਅਹਿਮ ਯੋਗਦਾਨ ਹੈ ਅਤੇ ਅੱਜ ਦਾ ਦਿਨ ਸਾਨੂੰ ਉਨ੍ਹਾਂ ਵੱਲੋਂ ਦਿੱਤੀ ਕੁਰਬਾਨੀ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਵਿਚਾਰ ਅਤੇ ਆਦਰਸ਼ ਅੱਜ ਵੀ ਪ੍ਰਸੰਗਿਕ ਹਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ। ਖਾਸ ਕਰਕੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਅਤੇ ਸਮਾਜ ਸੁਧਾਰ ਦੇ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ।
ਸਮਾਗਮ ਵਿੱਚ ਬੋਲਦਿਆਂ ਸੁਰਿੰਦਰ ਕੁਮਾਰ ਨੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਸਵੱਛਤਾ ਲਈ ਰੁੱਖ ਲਗਾਉਣ ਤੋਂ ਵਧੀਆ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ। ਉਨ੍ਹਾਂ ਪਾਣੀ ਦੀ ਸੰਭਾਲ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਗਤ ਸਿੰਘ ਵਰਗੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਨਾ ਹਰ ਨਾਗਰਿਕ ਦਾ ਫਰਜ਼ ਹੈ। ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਅਤੇ ਦੇਸ਼ ਨੂੰ ਵਿਸ਼ਵ ਦੇ ਨਕਸ਼ੇ ‘ਤੇ ਉੱਚਾ ਸਥਾਨ ਦਿਵਾਉਣਾ ਸਾਡੀ ਜ਼ਿੰਮੇਵਾਰੀ ਹੈ।
ਪ੍ਰੋਗਰਾਮ ਦੀ ਸਮਾਪਤੀ ਮੇਅਰ ਸੁਰਿੰਦਰ ਕੁਮਾਰ ਦੇ ਧੰਨਵਾਦੀ ਮਤੇ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਹਾਜ਼ਰ ਸਾਰਿਆਂ ਨੂੰ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਰੱਖਣ ਦਾ ਸੱਦਾ ਦਿੱਤਾ।